ਅਡਾਨੀ ਭ੍ਰਿਸ਼ਟਾਚਾਰ ਦਾ ਪ੍ਰਤੀਕ: ਰਾਹੁਲ

ਅਡਾਨੀ ਭ੍ਰਿਸ਼ਟਾਚਾਰ ਦਾ ਪ੍ਰਤੀਕ: ਰਾਹੁਲ

ਪ੍ਰਧਾਨ ਮੰਤਰੀ ’ਤੇ ਸੇਧਿਆ ਨਿਸ਼ਾਨਾ; ਮੋਦੀ-ਅਡਾਨੀ ਸਬੰਧਾਂ ਬਾਰੇ ਸਵਾਲ ਮੁੜ ਦੁਹਰਾਏ
ਕੋਲਾਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਰਨਾਟਕ ਦੇ ਕੋਲਾਰ ਵਿੱਚ ਅਡਾਨੀ ਸਮੂਹ ਦੇ ‘ਭ੍ਰਿਸ਼ਟਾਚਾਰ’ ਦਾ ਮੁੱਦਾ ਚੁੱਕਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਇੱਥੇ ‘ਜੈ ਭਾਰਤ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਅਡਾਨੀ ਭ੍ਰਿਸ਼ਾਟਾਚਾਰ ਦਾ ਪ੍ਰਤੀਕ’ ਹੈ। ਸਾਲ 2019 ਵਿੱਚ ਕੋਲਾਰ ਵਿੱਚ ਰਾਹੁਲ ਗਾਂਧੀ ਨੇ ‘ਮੋਦੀ ਉਪਨਾਮ’ ਸਬੰਧੀ ਟਿੱਪਣੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦੀ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਕਰਨਾਟਕ ਵਿਧਾਨ ਸਭਾ ਚੋਣਾਂ ਦੇ 29 ਮਾਰਚ ਨੂੰ ਹੋਏ ਐਲਾਨ ਮਗਰੋਂ ਸੂਬੇ ਦੀ ਆਪਣੀ ਪਹਿਲੀ ਯਾਤਰਾ ’ਤੇ ਆਏ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ ਜ਼ਰੀਏ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ, ‘‘ਮੈਨੂੰ ਸੰਸਦ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਹ (ਕੇਂਦਰੀ ਸਰਕਾਰ) ਸੋਚਦੇ ਹਨ ਕਿ ਉਹ ਮੈਨੂੰ ਹਟਾ ਕੇ ਡਰਾਉਣਗੇ। ਮੈਂ ਡਰਨ ਵਾਲਾ ਨਹੀਂ ਹਾਂ।’’

ਰਾਹੁਲ ਨੇ ਕਿਹਾ, ‘‘ਜਦੋਂ ਤੱਕ ਮੈਨੂੰ ਜਵਾਬ ਨਹੀਂ ਮਿਲਦਾ, ਮੈਂ ਇਹ ਸਵਾਲ ਪੁੱਛਦਾ ਰਹਾਂਗਾ। ਤੁਸੀਂ ਮੈਨੂੰ ਅਯੋਗ ਕਰਾਰ ਦਿਓ, ਜੇਲ੍ਹ ਭੇਜੋ ਜਾਂ ਜੋ ਮਰਜ਼ੀ ਕਰੋ, ਮੈਂ ਡਰਨ ਵਾਲਾ ਨਹੀਂ ਹਾਂ।’’ ਰੱਖਿਆ ਬੁਨਿਆਦੀ ਢਾਂਚੇ ਵਿੱਚ ਕੰਮ ਕਰਨ ਵਾਲੀਆਂ ਅਡਾਨੀ ਸਮੂਹ ਦੀਆਂ ਫਰਮਾਂ ਖ਼ਿਲਾਫ਼ ਕੋਈ ਜਾਂਚ ਨਾ ਹੋਣ ਦਾ ਦੋਸ਼ ਲਗਾਉਂਦਿਆਂ ਰਾਹੁਲ ਨੇ ਕਿਹਾ ਕਿ ਸੰਕਟ ਵਿੱਚ ਘਿਰੇ ਇਸ ਸਮੂਹ ਦੇ ਚੇਅਰਮੈਨ ਨੇ ਆਪਣੀ ‘ਸ਼ੈੱਲ ਕੰਪਨੀ’ ਵਿੱਚ ਇੱਕ ਚੀਨੀ ਵਿਅਕਤੀ ਨੂੰ ਨਿਯੁਕਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ, ‘‘ਅਡਾਨੀ ਭ੍ਰਿਸ਼ਟਾਚਾਰ ਦਾ ਪ੍ਰਤੀਕ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਣਾ ਚਾਹੁੰਦਾ ਹਾਂ: ਅਡਾਨੀ, ਜਿਸ ਨੂੰ ਭਾਰਤ ਵਿੱਚ ਹਵਾਈ ਅੱਡੇ ਦਿੱਤੇ ਜਾ ਰਹੇ ਹਨ, ਉਸ ਨਾਲ ਤੁਹਾਡਾ ਕੀ ਸਬੰਧ ਹੈ? ਉਸ ਨੂੰ ਠੇਕਾ ਦੇਣ ਲਈ ਨਿਯਮ ਬਦਲ ਦਿੱਤੇ ਗਏ ਹਨ। ਨਿਯਮ ਕਿਉਂ ਬਦਲੇ ਜਾ ਰਹੇ ਹਨ?’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਡਾਨੀ ਗਰੁੱਪ ਕੋਲ ਹਵਾਈ ਅੱਡਿਆਂ ਨੂੰ ਚਲਾਉਣ ਲਈ ਕੋਈ ਮੁਹਾਰਤ ਨਹੀਂ ਹੈ, ਜੋ ਕਿ ਜ਼ਰੂਰੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਸ ਕਾਰੋਬਾਰੀ ਸਮੂਹ ਦੇ ਹਵਾਲੇ ਕਰ ਦਿੱਤਾ ਗਿਆ।’’ ਉਨ੍ਹਾਂ ਕਿਹਾ, ‘‘ਜਿਨ੍ਹਾਂ ਕੋਲ ਹਵਾਈ ਅੱਡਿਆਂ ਦੀ ਮਾਲਕੀ ਸੀ, ਉਨ੍ਹਾਂ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਰਗੀਆਂ ਕੇਂਦਰੀ ਏਜੰਸੀਆਂ ਨੇ ਫਸਾਇਆ ਅਤੇ ਫਿਰ ਇਹ ਹਵਾਈ ਅੱਡੇ ਅਡਾਨੀ ਨੂੰ ਦਿੱਤੇ ਗਏ।’’ ਆਸਟਰੇਲੀਆ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਤਾਂ ਉਸ ਸਮੇਂ ਗੌਤਮ ਅਡਾਨੀ ਅਤੇ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਸੀਨੀਅਰ ਅਧਿਕਾਰੀ ਵੀ ਮੌਜੂਦ ਸੀ।