ਅਡਾਨੀ, ਅੰਬਾਨੀ, ਬਿਰਲਾ, ਮਿੱਤਲ ਅਤੇ ਹੋਰ ਕਾਰੋਬਾਰੀ ਵੀ ਅਯੁੱਧਿਆ ਪੁੱਜੇ

ਅਡਾਨੀ, ਅੰਬਾਨੀ, ਬਿਰਲਾ, ਮਿੱਤਲ ਅਤੇ ਹੋਰ ਕਾਰੋਬਾਰੀ ਵੀ ਅਯੁੱਧਿਆ ਪੁੱਜੇ

ਨਵੀਂ ਦਿੱਲੀ- ਅਯੁੱਧਿਆ ਵਿੱਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਅੱਜ ਕਈ ਵੱਡੇ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ ਅਤੇ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਵੀ ਦਿੱਤੀ। ਸਨਅਤਕਾਰ ਮੁਕੇਸ਼ ਅੰਬਾਨੀ, ਲਕਸ਼ਮੀ ਐੱਨ ਮਿੱਤਲ, ਭਾਰਤੀ ਏਅਰਟੈੱਲ ਦੇ ਮੁਖੀ ਸੁਨੀਲ ਭਾਰਤੀ ਮਿੱਤਲ, ਰਿਲਾਇੰਸ ਗਰੁੱਪ ਦੇ ਹੈੱਡ ਅਨਿਲ ਅੰਬਾਨੀ ਅਤੇ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਤੇ ਉਨ੍ਹਾਂ ਦੀ ਬੇਟੀ ਅਨੰਨਿਆ ਬਿਰਲਾ ਇਸ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋਏ। ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਇਸ ਮੌਕੇ ਆਪਣੇ ਸਾਰੇ ਕਰਮਚਾਰੀਆਂ ਨੂੰ ਛੁੱਟੀ ਦਿੱਤੀ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਕੈਂਪਸ ਵਿੱਚ ਸਥਿਤ ਦਰਜਨ ਤੋਂ ਵੱਧ ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਕਰਵਾਈ ਤੇ ਆਪਣੇ ਜੀਓਟੀਵੀ ਪਲੇਟਫਾਰਮ ’ਤੇ ਮੰਦਰ ਦੇ 360 ਡਿਗਰੀ ਵਰਚੁਅਲ ਟੂਰ ਦੀ ਪੇਸ਼ਕਸ਼ ਵੀ ਕੀਤੀ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ‘ਐਕਸ’ ’ਤੇ ਕਿਹਾ, ‘‘ਅਯੁੱਧਿਆ ਮੰਦਰ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਇਸ ਨੂੰ ਗਿਆਨ ਅਤੇ ਸ਼ਾਂਤੀ ਦਾ ਪ੍ਰਵੇਸ਼ ਦੁਆਰ ਬਣਨ ਦਿਓ, ਜੋ ਭਾਰਤ ਦੀ ਅਧਿਆਤਮਕ ਅਤੇ ਸੱਭਿਆਚਾਰਕ ਸਦਭਾਵਨਾ ਦੇ ਸਦੀਵੀ ਧਾਗੇ ਨਾਲ ਭਾਈਚਾਰਿਆਂ ਨੂੰ ਇਕਜੁੱਟ ਕਰੇ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸੱਭਿਆਚਾਰ ਅਤੇ ਸਾਹਿਤ ਬਾਰੇ ਖੋਜ ਕਰ ਰਹੇ 14 ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਦਾ ਵੀ ਐਲਾਨ ਕੀਤਾ। ਐਸਾਰ ਕੈਪੀਟਲ ਦੇ ਡਾਇਰੈਕਟਰ ਪ੍ਰਸ਼ਾਂਤ ਰੂਈਆ ਨੇ ਵੀ ਪਵਿੱਤਰ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ‘ਜ਼ੋਹੋ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ੍ਰੀਹਰ ਵੇਂਬੂ , ਈਜ਼ ਮਾਈ ਟਰਿੱਪ ਦੇ ਸਹਿ-ਸੰਸਥਾਪਕ ਅਤੇ ਸੀਈਓ ਨਿਸ਼ਾਂਤੀ ਪਿੱਟੀ ਤੇ ਓਯੋ ਰੂਮਜ਼ ਦੇ ਸੰਸਥਾਪਕ ਅਤੇ ਸੀਈਓ ਰਿਤੇਸ਼ ਅਗਰਵਾਲ ਵੀ ਸਮਾਗਮ ਵਿੱਚ ਸ਼ਾਮਲ ਹੋਏ।