ਅਜੋਕੇ ਨੌਜਵਾਨ ਅਤੇ ਕਾਹਲ

ਅਜੋਕੇ ਨੌਜਵਾਨ ਅਤੇ ਕਾਹਲ

ਕਮਲਜੀਤ ਕੌਰ ਗੁੰਮਟੀ

ਕਿਸੇ ਦੇਸ਼ ਦੀ ਕਾਮਯਾਬੀ ਵਿੱਚ ਨੌਜਵਾਨਾਂ ਦੀ ਮੋਹਰੀ ਭੂਮਿਕਾ ਹੁੰਦੀ ਹੈ। ਨੌਜਵਾਨਾਂ ਦੀ ਮਦਦ ਨਾਲ ਹੀ ਸਮਾਜ ਵਿਚ ਬਦਲਾਅ ਆਉਂਦਾ ਹੈ। ਅਜੋਕੇ ਨੌਜਵਾਨ ਪੁਰਾਣੇ ਵੇਲਿਆਂ ਦੇ ਨੌਜਵਾਨਾਂ ਤੋਂ ਬਹੁਤ ਅੱਗੇ ਲੰਘ ਚੁੱਕੇ ਹਨ। ਉਨ੍ਹਾਂ ਕੋਲ ਆਧੁਨਿਕ ਤਕਨਾਲੋਜੀ ਨਾਲ ਬਣੀਆਂ ਮਸ਼ੀਨਾਂ ਅਤੇ ਵਾਹਨ ਹਨ। ਇਨ੍ਹਾਂ ਤਕਨੀਕਾਂ ਕਰਕੇ ਭਾਵੇ ਅਜੋਕੇ ਨੌਜਵਾਨਾਂ ਕੋਲ ਮੌਕਿਆਂ ਦੀ ਤਾਦਾਦ ਵਧ ਗਈ ਹੈ, ਪਰ ਬਹੁਤ ਕਾਹਲੀ ਨਾਲ ਕੰਮ ਕਰਨ ਵਾਲੀਆਂ ਇਨ੍ਹਾਂ ਮਸ਼ੀਨਾਂ ਨੇ ਨੌਜਵਾਨਾਂ ਦਾ ਮਨਾਂ ਵਿਚ ਵੀ ਕਾਹਲੀ ਨਾਲ ਭਰ ਦਿੱਤਾ ਹੈ। ਉਹ ਹਰ ਕੰਮ ਨੂੰ ਮਿੰਟਾਂ-ਸਕਿੰਟਾਂ ਵਿੱਚ ਨਿਬੇੜਣਾ ਚਾਹੁੰਦੇ ਹਨ।

ਅਧੁਨਿਕ ਤਰੀਕਿਆਂ ਅਤੇ ਜ਼ਿਆਦਾ ਸਹੂਲਤਾਂ ਨਾਲ ਸਿੱਖਿਆ ਗ੍ਰਹਿਣ ਕਰਨ ਦੇ ਬਾਵਜੂਦ ਸਾਡੇ ਨੌਜਵਾਨਾ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ। ਅੱਜ ਦਾ ਨੌਜਵਾਨ ਆਪਣੀ ਸਿੱਖਿਆ, ਕੰਮ-ਕਾਜ ਅਤੇ ਭਵਿੱਖ ਨੂੰ ਲੈ ਕੇ ਅਨੇਕਾਂ ਸਵਾਲਾਂ ਵਿੱਚ ਘਿਰਿਆ ਨਜ਼ਰ ਆਉਂਦਾ ਹੈ। ਅਜੋਕੀ ਸਿੱਖਿਆ ਵਿੱਚ ਨੌਜਵਾਨ ਡਿਗਰੀਆਂ ਤਾਂ ਹਾਸਲ ਕਰ ਰਹੇ ਹਨ ਪਰ ਹੱਥੀਂ ਕੰਮ ਕਰਨ ਦੀ ਕਲਾ ਤੋਂ ਵਾਂਝੇ ਹੋ ਰਹੇ ਹਨ। ਚੰਗੇ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਬਹੁਤੇ ਨੌਜਵਾਨ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਨੌਕਰੀਆਂ ਨਾ ਮਿਲਣ ਕਰਕੇ ਉਨ੍ਹਾਂ ਦੇ ਮਿਥੇ ਟੀਚੇ ਪੂਰੇ ਨਹੀਂ ਹੁੰਦੇ। ਜੇਕਰ ਉਹ ਨੌਕਰੀ ਦਾ ਖਿਆਲ ਛੱਡ ਕੇ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਬਾਰੇ ਸੋਚਦੇ ਵੀ ਹਨ ਉਨ੍ਹਾਂ ਦੇ ਰਸਤੇ ਵਿੱਚ ਅਨੇਕਾਂ ਮੁਸ਼ਕਿਲਾਂ ਆਣ ਖੜ੍ਹੀਆਂ ਹੁੰਦੀਆਂ ਹਨ। ਵਪਾਰ ਸ਼ੁਰੂ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਜੇ ਕਿਸੇ ਨਾ ਕਿਸੇ ਤਰ੍ਹਾਂ ਵਪਾਰ ਸ਼ੁਰੂ ਕਰ ਵੀ ਲਿਆ ਜਾਂਦਾ ਹੈ ਉਸ ਨੂੰ ਸਥਾਪਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਸਹਿਜਤਾ ਦੀ ਘਾਟ ਕਾਰਨ ਇਨ੍ਹਾਂ ਮੁਸ਼ਕਿਲਾਂ ਨੂੰ ਸਾਹਮਣੇ ਦੇਖ ਕੇ ਅੱਜ ਦਾ ਨੌਜਵਾਨ ਘਬਰਾਉਂਦਾ ਹੈ। ਕਈ ਵਾਰ ਤਾਂ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਵੀ ਧੱਕ ਦਿੰਦਾ ਹੈ। ਤੇਜ਼ੀ ਨਾਲ ਪੈਸਾ ਕਮਾਉਣ ਦੀ ਲਾਲਸਾ ਵਿੱਚ ਅਜੋਕੇ ਨੌਜਵਾਨ ਗਲਤ ਅਤੇ ਸਹੀ ਦਾ ਫਰਕ ਭੁੱਲ ਜਾਂਦੇ ਹਨ ਅਤੇ ਅਜਿਹੇ ਲੋਕਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਦਿੰਦੇ ਹਨ। ਅਜੋਕੀ ਨੌਜਵਾਨ ਪੀੜ੍ਹੀ ਵੱਖ-ਵੱਖ ਕਾਰਨਾਂ ਕਰ ਕੇ ਰਵਾਇਤੀ ਕਿੱਤਿਆਂ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ, ਹਰ ਇੱਕ ਦੇ ਮਨ ਵਿਚ ਆਪਣਾ ਕੁਝ ਨਾ ਕੁਝ ਕਰਨ ਦੀ ਇੱਛਾ ਹੈ। ਪੰਜਾਬ ਵਿਚ ਜਿਨ੍ਹਾਂ ਲੋਕਾਂ ਕੋਲ ਖੁੱਲ੍ਹੀਆਂ ਜ਼ਮੀਨਾਂ ਹਨ, ਉਨ੍ਹਾਂ ਪਰਿਵਾਰਾਂ ਦੇ ਨੌਜਵਾਨ ਵੀ ਖੇਤੀਬਾੜੀ ਕਰਨ ਲਈ ਤਿਆਰ ਨਹੀਂ। ਜੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ ਅਤੇ ਸਹਾਇਕ ਧੰਦਿਆਂ ਨੂੰ ਅਪਣਾਉਣ ਦਾ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਤੇ ਉਨ੍ਹਾਂ ਨੂੰ ਜ਼ਰੂਰ ਫ਼ਾਇਦਾ ਹੋਵੇਗਾ, ਪਰ ਇਹ ਸੰਭਵ ਤਾਂ ਹੀ ਹੋ ਸਕੇਗਾ ਜੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਕੋਲ ਇਸ ਕੰਮ ਨੂੰ ਕਰਨ ਦਾ ਤਜਰਬਾ ਹੋਵੇਗਾ।

ਪੜ੍ਹ-ਲਿਖ ਕੇ ਨੌਜਵਾਨ ਚੰਗੀ ਉਜਰਤ ਤੇ ਸਹੂਲਤਾਂ ਵਾਲੇ ਰੁਜ਼ਗਾਰ ਦੇ ਸੁਪਨੇ ਦੇਖਦੇ ਹਨ। ਜਦ ਇਹ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਮਾਨਸਿਕ ਸਥਿਤੀ ਬੇਕਾਬੂ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਮਨ ਵਿੱਚ ਭਟਕਣਾ ਪੈਦਾ ਹੁੰਦੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਅਸੀਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਖ਼ਾਸਕਰ ਪੂਰਬੀ ਸੂਬਿਆਂ ਬਿਹਾਰ ਆਦਿ ਦੇ ਨੌਜਵਾਨ ਪੰਜਾਬ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਆਉਂਦੇ ਹਨ ਅਤੇ ਕਈ ਤਾਂ ਪੱਕੇ ਤੌਰ ’ਤੇ ਹੀ ਪੰਜਾਬ ਵਿੱਚ ਕੰਮ ਕਰਦੇ ਹਨ। ਦੂਜੇ ਪਾਸੇ ਪੰਜਾਬ ਦੇ ਮੱਧ ਵਰਗੀ ਪਰਿਵਾਰਾਂ ਦੇ ਪੜ੍ਹੇ-ਲਿਖੇ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨਾਂ ਅੰਦਰ ਅਜਿਹੀ ਬਿਰਤੀ ਪੈਦਾ ਹੋ ਗਈ ਹੈ, ਕਿ ਉਹ ਫਸਲਾਂ ਦੀ ਕਟਾਈ ਲਈ ਮਸ਼ੀਨਾਂ ਲੈ ਕੇ ਦੂਜੇ ਸੂਬਿਆਂ ਵਿੱਚ ਜਾਂਦੇ ਹਨ ਅਤੇ ਅਕਸਰ ਹੀ ਉਥੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਤਜਰਬੇ ਦੀ ਘਾਟ, ਕਾਹਲ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਕੁਝ ਹੱਦ ਤੱਕ ਇਨ੍ਹਾਂ ਹਾਦਸਿਆਂ ਲਈ ਜ਼ਿੰਮੇਵਾਰ ਹੈ। ਹਾਦਸਿਆਂ ਵਿਚ ਕਈ ਵਾਰ ਉਨ੍ਹਾਂ ਦੀਆਂ ਜਾਨਾਂ ਵੀ ਜਾਂਦੀਆਂ ਰਹੀਆਂ ਤੇ ਕਈ ਅਪਾਹਜ ਵੀ ਹੋ ਗਏ। ਰੋਜ਼ੀ ਰੋਟੀ ਲਈ ਕੰਮ ਜ਼ਰੂਰੀ ਹੈ ਪਰ ਚੌਕਸੀ ਰੱਖੀ ਜਾਵੇ ਤਾਂ ਕੁੱਝ ਬਚਾਅ ਹੀ ਹੋਵੇਗਾ। ਘਰਾਂ, ਸਕੂਲਾਂ-ਕਾਲਜਾਂ ਵਿੱਚ ਹਿੰਸਕ ਵਾਰਦਾਤਾਂ ਵਧ ਰਹੀਆਂ ਹਨ। ਹੜਤਾਲਾਂ -ਰੈਲੀਆਂ ਨੌਜਵਾਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ। ਇਹ ਮੁਸ਼ਕਲਾਂ ਸਮਾਜ, ਸੂਬੇ ਅਤੇ ਦੇਸ਼ ਦੇ ਵਿਕਾਸ ਦੇ ਰਾਹ ਵਿਚ ਰੋੜਾ ਬਣਦੀਆਂ ਹਨ।

ਇਸ ਹਾਲਾਤ ਵਿਚ ਸਾਡੇ ਹੱਥਾਂ ’ਤੇ ਹੱਥ ਰੱਖ ਕੇ ਬੈਠਣ ਨਾਲ ਕੁਝ ਪੱਲੇ ਨਹੀਂ ਪੈਣਾ। ਸਾਡੀ ਸਕੂਲੀ ਤੇ ਪਰਿਵਾਰਕ ਸਿੱਖਿਆ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸ਼ਾਮਿਲ ਹੋਣਾ ਲਾਜ਼ਮੀ ਹੈ। ਮਾਪੇ-ਅਧਿਆਪਕ ਅਤੇ ਸਰਕਾਰਾਂ ਨੂੰ ਨੌਜਵਾਨਾਂ ਅੰਦਰਲੀ ਊਰਜਾ ਦੀ ਸਹੀ ਵਰਤੋਂ ਲਈ ਉੱਦਮ ਦੀ ਲੋੜ ਹੈ। ਇਨ੍ਹਾਂ ਦੀ ਦਿੱਤੀ ਸਹੀ ਸੇਧ ਸਦਕਾ ਹੀ ਉਹ ਆਪਣੀ ਜ਼ਿੰਦਗੀ ਨੂੰ ਸਹੀ ਰਾਹ ’ਤੇ ਲਿਜਾ ਕੇ ਜਿਊਣਯੋਗ ਬਣਾ ਸਕਦੇ ਹਨ ਅਤੇ ਨਾਲ ਹੀ ਦੇਸ਼ ਤੇ ਸਮਾਜ ਲਈ ਵੀ ਵਧੀਆ ਸਾਬਤ ਹੋ ਸਕਦੇ ਹਨ।