ਅਜਨਾਲਾ ਥਾਣੇ ’ਚ ਕੱਟੜਪੰਥੀ ਜਬਰੀ ਦਾਖ਼ਲ, ਝੜਪ ’ਚ ਐੱਸਪੀ ਸਮੇਤ ਕਈ ਜਵਾਨ ਜ਼ਖ਼ਮੀ

ਅਜਨਾਲਾ ਥਾਣੇ ’ਚ ਕੱਟੜਪੰਥੀ ਜਬਰੀ ਦਾਖ਼ਲ, ਝੜਪ ’ਚ ਐੱਸਪੀ ਸਮੇਤ ਕਈ ਜਵਾਨ ਜ਼ਖ਼ਮੀ

ਮੁਲਜ਼ਮ ਦੀ ਰਿਹਾਈ ਤੇ ਐੱਫਆਈਆਰ ਰੱਦ ਕਰਨ ਦੀ ਮੰਗ ਮੰਨੇ ਜਾਣ ਮਗਰੋਂ ਧਰਨਾ ਖ਼ਤਮ
ਅਜਨਾਲਾ-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਸਮਰਥਕਾਂ ਦੀ ਅੱਜ ਅਜਨਾਲਾ ’ਚ ਪੁਲੀਸ ਨਾਲ ਝੜਪ ਹੋ ਗਈ। ਪ੍ਰਦਰਸ਼ਨਕਾਰੀ ਥਾਣੇ ਅੰਦਰ ਜਬਰੀ ਦਾਖ਼ਲ ਹੋ ਗਏ ਜਿਸ ਕਾਰਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਖਾਲਿਸਤਾਨ ਪੱਖੀ ਨਾਅਰੇ ਲਗਾਉਂਦਿਆਂ ਕੱਟੜਪੰਥੀਆਂ ਨੇ ਮੰਗ ਕੀਤੀ ਕਿ ਮੁਲਜ਼ਮ ਲਵਪ੍ਰੀਤ ਸਿੰਘ ਉਰਫ਼ ਤੂਫਾਨ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਸ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਧਰਨਾ ਦੇਣਗੇ। ਅਜਨਾਲਾ ਪੁਲੀਸ ਨੇ ਛੇ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਖ਼ਿਲਾਫ਼ ਚਮਕੌਰ ਸਾਹਿਬ ਦੇ ਵਸਨੀਕ ਵਰਿੰਦਰ ਸਿੰਘ ਨੂੰ ਅਗਵਾ ਕਰਕੇ ਉਸ ਨੂੰ ਕੁੱਟਣ ਦਾ ਕੇਸ ਦਰਜ ਕੀਤਾ ਸੀ।

ਬਾਅਦ ’ਚ ਪੁਲੀਸ ਪ੍ਰਸ਼ਾਸਨ ਨਾਲ ਬਣੀ ਸਹਿਮਤੀ ’ਚ ਲਵਪ੍ਰੀਤ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਗਿਆ। ਅੱਜ ਸਵੇਰੇ ਤੋਂ ਹੀ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਦੀ ਅਗਵਾਈ ਹੇਠ ਪੂਰਾ ਅਜਨਾਲਾ ਸ਼ਹਿਰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕੱਟੜਪੰਥੀ ਡਾਂਗਾਂ, ਸੋਟਿਆਂ ਅਤੇ ਹੋਰ ਹਥਿਆਰਾਂ ਨਾਲ ਉਥੇ ਪਹੁੰਚ ਗਏ। ਕਾਫਲੇ ਦੀ ਅਗਵਾਈ ਗੁਰੁ ਗ੍ਰੰਥ ਸਾਹਿਬ ਦੀ ਪਾਲਕੀ ਵਾਲੀ ਗੱਡੀ ਕਰ ਰਹੀ ਸੀ। ਕਾਫਲਾ ਸ਼ਹਿਰ ਅੰਦਰ ਦਾਖ਼ਲ ਹੋਇਆ ਤਾਂ ਜੋਸ਼ ਵਿੱਚ ਆਏ ਨੌਜਵਾਨਾਂ ਨੇ ਪੁਲੀਸ ਵੱਲੋਂ ਰਸਤੇ ਵਿੱਚ ਲਗਾਏ ਬੈਰੀਕੇਡ ਹਟਾ ਦਿੱਤੇ। ਇਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਵੀ ਹੋਈ ਅਤੇ ਐੱਸਪੀ ਜੁਗਰਾਜ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਸ਼ਹਿਰ ’ਚ ਹਾਲਾਤ ਪੂਰੇ ਤਣਾਅ ਵਾਲੇ ਬਣ ਗਏ ਸਨ। ਆਈਜੀ ਜਸਕਰਨ ਸਿੰਘ, ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ, ਐੱਸਡੀਐੱਮ ਰਾਜੇਸ਼ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਉਪਰੰਤ ਦੋਹਾਂ ਧਿਰਾਂ ਦਰਮਿਆਨ ਆਪਸੀ ਸਹਿਮਤੀ ਬਣੀ ਜਿਸ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਗਿਆ। ਐੱਸਐੱਸਪੀ (ਅੰਮ੍ਰਿਤਸਰ ਦਿਹਾਤੀ) ਨੇ ਦੱਸਿਆ ਕਿ ਜੋ ਵੀ ਪੱਖ ਰੱਖਿਆ ਗਿਆ, ਉਸ ਨੂੰ ਵਿਚਾਰਨ ਮਗਰੋਂ ਜੇਲ੍ਹ ’ਚ ਬੰਦ ਲਵਪ੍ਰੀਤ ਸਿੰਘ ਉਰਫ਼ ਤੂਫਾਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਸ ਨੂੰ ਭਲਕੇ ਰਿਹਾਅ ਕਰ ਦਿੱਤਾ ਜਾਵੇਗਾ। ਝੜਪ ’ਚ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਦਾ ਕੋਈ ਮੰਤਵ ਨਹੀਂ ਹੈ ਅਤੇ ਉਹ ਝੂਠੇ ਪਰਚੇ ਰੱਦ ਕਰਵਾਉਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਥਾਣੇ ਅੰਦਰ ਧਰਨਾ ਭਾਵੇਂ ਖਤਮ ਕਰ ਦਿੱਤਾ ਗਿਆ ਹੈ ਪਰ ਉਹ ਚਾਹਵਾਨ ਸੰਗਤ ਨੂੰ ਅੰਮ੍ਰਿਤਪਾਨ ਕਰਵਾ ਕੇ ਭਲਕੇ ਜੇਲ੍ਹ ਵਿੱਚ ਬੰਦ ਸਾਥੀ ਨੂੰ ਰਿਹਾਅ ਕਰਵਾ ਕੇ ਆਪਣੇ ਨਾਲ ਲਿਜਾਣਗੇ।

ਐਨਆਈਏ ਵੱਲੋਂ ਛੇ ਖਾਲਿਸਤਾਨੀ ਸਮਰਥਕ ਗ੍ਰਿਫ਼ਤਾਰ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ ਨੇ ਛੇ ਖਾਲਿਸਤਾਨੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਸਬੰਧ ਗੈਂਗਸਟਰਾਂ, ਦਹਿਸ਼ਤੀ ਸੰਗਠਨਾਂ ਅਤੇ ਡਰੱਗ ਮਾਫੀਆ ਨਾਲ ਹਨ। ਏਜੰਸੀ ਦੇ ਤਰਜਮਾਨ ਨੇ ਅੱਜ ਇੱਥੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਅੱਠ ਸੂਬਿਆਂ ਵਿੱਚ ਮੰਗਲਵਾਰ ਨੂੰ 76 ਥਾਵਾਂ ’ਤੇ ਮਾਰੇ ਗਏ ਛਾਪਿਆਂ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਕੈਨੇਡਾ ਆਧਾਰਿਤ ‘ਨਾਮਜ਼ਦ ਦਹਿਸ਼ਤਗਰਦ’ ਅਰਸ਼ਦੀਪ ਸਿੰਘ ਉਰਫ ਡੱਲਾ ਦਾ ਨਜ਼ਦੀਕੀ ਲੱਕੀ ਖੋਖਰ ਉਰਫ ਡੈਨਿਸ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਐਨਸੀਆਰ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਛਾਪੇ ਮਾਰ ਕੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਨੇੜਲੇ ਸਾਥੀ ਹਨ। ਐਨਆਈਏ ਨੇ ਦੱਸਿਆ ਕਿ ਬਠਿੰਡਾ ਨਾਲ ਸਬੰਧਿਤ ਖੋਖਰ ਨੂੰ ਲੰਘੇ ਕੱਲ੍ਹ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਕਾਬੂ ਕੀਤਾ ਗਿਆ ਹੈ। ਉਹ ਅਰਸ਼ ਡੱਲਾ ਦੇ ਸਿੱਧੇ ਸੰਪਰਕ ’ਚ ਸੀ ਅਤੇ ਉਸ ਲਈ ਕੰਮ ਕਰਦਾ ਸੀ। ਇਸ ਤੋਂ ਇਲਾਵਾ ਦਹਿਸ਼ਤੀ ਸਰਗਰਮੀਆਂ ਲਈ ਫੰਡ ਮੰਗਵਾਉਂਦਾ ਸੀ। ਉਹ ਪੰਜਾਬ ਵਿੱਚ ਅਰਸ਼ ਡੱਲਾ ਦੇ ਸਾਥੀਆਂ ਨੂੰ ਹਥਿਆਰ ਤੇ ਗੋਲੀ ਸਿੱਕਾ ਵੀ ਮੁਹੱਈਆ ਕਰਵਾਉਂਦਾ ਸੀ। ਹਾਲ ਵਿੱਚ ਜਗਰਾਉਂ ਵਿੱਚ ਹੋਇਆ ਕਤਲ ਵੀ ਕੈਨੇਡਾ ਆਧਾਰਿਤ ਦਹਿਸ਼ਤਗਰਦ ਦੇ ਇਸ਼ਾਰਿਆਂ ’ਤੇ ਕੀਤਾ ਗਿਆ ਹੈ।
-ਪੀਟੀਆਈ

ਸਿਟ ਕਰੇਗੀ ਐੱਫਆਈਆਰ ਦੀ ਜਾਂਚ

ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲੀਸ ਅਧਿਕਾਰੀ ਨੇ ਕਿਹਾ ਕਿ ਐੱਸਪੀ ਤੇਜਬੀਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾ ਕੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਦਰਜ ਹੋਏ ਕੇਸ ਦੀ ਜਾਂਚ ਕੀਤੀ ਜਾਵੇਗੀ।

ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਢਾਹ ਲੱਗੀ: ਕੈਪਟਨ

ਚੰਡੀਗੜ੍ਹ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਨਾਲਾ ’ਚ ਅੱਜ ਵਾਪਰੀ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਢਾਹ ਲੱਗੀ ਹੈ ਜੋ ਬੇਹੱਦ ਗੰਭੀਰ ਮਾਮਲਾ ਹੈ। ਭਾਜਪਾ ਆਗੂ ਨੇ ਕਿਹਾ ਕਿ ਇਸ ਘਟਨਾ ਨੇ ਸੂਬੇ ਤੇ ਦੇਸ਼ ਦੀ ਸੁਰੱਖਿਆ ’ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਸੂਬਾ ਸਰਕਾਰ ਅਜਿਹੀ ਘਟਨਾ ਨੂੰ ਰੋਕਣ ’ਚ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਪ੍ਰਦਰਸ਼ਨ ਵਾਲੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਪਿੱਛੇ ਦੀ ਮਨਸ਼ਾ ’ਤੇ ਵੀ ਸੁਆਲ ਚੁੱਕਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਘਟਨਾ ਦੀ ਨਿੰਦਾ ਕੀਤੀ।