ਅਗਾੜੀ ਵੱਲੋਂ ਰਾਹੁਲ ਦੇ ਪੋਸਟਰ ਨੂੰ ਚੱਪਲਾਂ ਮਾਰਨ ਵਾਲੇ ਵਿਧਾਇਕਾਂ ਦੀ ਨਿੰਦਾ

ਅਗਾੜੀ ਵੱਲੋਂ ਰਾਹੁਲ ਦੇ ਪੋਸਟਰ ਨੂੰ ਚੱਪਲਾਂ ਮਾਰਨ ਵਾਲੇ ਵਿਧਾਇਕਾਂ ਦੀ ਨਿੰਦਾ

ਮੁੰਬਈ – ਹਿੰਦੂ ਵਿਚਾਰਧਾਰਕ ਵੀਡੀ ਸਾਵਰਕਰ ਬਾਰੇ ਕਥਿਤ ਟਿੱਪਣੀ ਕਰਨ ਵਿਰੁੱਧ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਪੋਸਟਰ ਨੂੰ ਚੱਪਲਾਂ ਮਾਰਨ ’ਤੇ ਅੱਜ ਵਿਰੋਧੀ ਧਿਰ ਮਹਾ ਵਿਕਾਸ ਅਗਾੜੀ ਦੇ ਵਿਧਾਇਕਾਂ ਨੇ ਸੱਤਾਧਾਰੀ ਗੱਠਜੋੜ ਭਾਰਤੀ ਜਨਤਾ ਪਾਰਟੀ-ਸ਼ਿਵ ਸੈਨਾ ਦੇ ਮੈਂਬਰਾਂ ਦੀ ਨਿੰਦਾ ਕੀਤੀ।

ਅਸੈਂਬਲੀ ਸਪੀਕਰ ਰਾਹੁਲ ਨਰਵੇਕਰ ਨੇ ਵੀ ਸੱਤਾਧਾਰੀ ਗੱਠਜੋੜ ਦੇ ਵਿਧਾਇਕਾਂ ਦੀ ਇਸ ਹਰਕਤ ’ਤੇ ਨਾਖੁਸ਼ੀ ਜ਼ਾਹਰ ਕੀਤੀ ਅਤੇ ਜਾਂਚ ਕਰਾਉਣ ਦਾ ਭਰੋਸਾ ਦਿੱਤਾ। ਇਹ ਮੁੱਦਾ ਕਾਂਗਰਸ ਦੇ ਬਾਲਾਸਾਹੇਬ ਥੋਰਾਟ ਨੇ ਵਿਧਾਨ ਸਭਾ ਵਿੱਚ ਚੁੱਕਿਆ ਜਿਨ੍ਹਾਂ ਦਾ ਵਿਰੋਧੀ ਧਿਰ ਦੇ ਆਗੂ ਅਜੀਤ ਪਵਾਰ ਨੇ ਸਮਰਥਨ ਕੀਤਾ। ਦੋਵਾਂ ਆਗੂਆਂ ਨੇ ਹਾਕਮ ਧਿਰ ਦੇ ਗੱਠਜੋੜ ਮੈਂਬਰਾਂ ਨੂੰ ਇਸ ਹਰਕਤ ਲਈ ਭੰਡਿਆ। ਥੋਰਾਟ ਨੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਡਿਪਟੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਵਿਧਾਨ ਸਭਾ ਦੇ ਗਲਿਆਰੇ ਵਿੱਚ ਅਜਿਹੀ ਹਰਕਤ ਕਰਨਾ ਸਰਾਸਰ ਗ਼ਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਹੇਠਲੇ ਦਰਜੇ ਦੀ ਟਿੱਪਣੀ ਕਰਨ ’ਤੇ ਰਾਹੁਲ ਗਾਂਧੀ ਦੀ ਵੀ ਨਿੰਦਾ ਕੀਤੀ। ਫੜਨਵੀਸ ਨੇ ਕਿਹਾ ਕਿ ਸਾਵਰਕਰ ਨੇ ਅੰਡੇਮਾਨ ਦੀ ਜੇਲ੍ਹ ਵਿੱਚ 11 ਸਾਲਾਂ ਦੀ ਕੈਦ ਕੱਟੀ ਹੈ। ਗਾਂਧੀ ਵੱਲੋਂ ਉਨ੍ਹਾਂ ’ਤੇ ਹਮਲਾ ਨਿੰਦਣਯੋਗ ਹੈ।

ਗਾਂਧੀ ਦੀ ਟਿੱਪਣੀ ਦਾ ਮੁੱਦਾ ਚੁੱਕਦਿਆਂ ਭਾਜਪਾ ਵਿਧਾਇਕ ਅਤੁਲ ਭਟਨਾਗਰ ਨੇ ਕਿਹਾ ਕਿ ਅਪਰਾਧਿਕ ਮਾਮਲੇ ਵਿੱਚ ਸਜ਼ਾਯਾਫ਼ਤਾ ਵਿਅਕਤੀ ਆਜ਼ਾਦੀ ਘੁਲਾਟੀਏ ਨੂੰ ‘ਬੇਇੱਜ਼ਤ’ ਕਰ ਰਿਹਾ ਹੈ। ਇਸੇ ਦੌਰਾਨ ਸਪੀਕਰ ਨਰਵੇਕਰ ਨੇ ਕਿਹਾ,‘ਮੈਂ ਇਸ ਮਾਮਲੇ ਦੀ ਜਾਂਚ ਕਰਵਾਂਗਾ ਅਤੇ ਰਿਕਾਰਡਿੰਗਾਂ ਚੈੱਕ ਕਰਾਂਗਾ। ਅਜਿਹੀ ਹਰਕਤ ਮੁੜ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਇਸ ਮਾਮਲੇ ਵਿੱਚ ਸਖ਼ਤ ਐਕਸ਼ਨ ਲਿਆ ਜਾਵੇਗਾ।’