ਅਗਲੇ ਸਾਲ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਸਮੀਖਿਆ ਲਈ ਵਾਪਸ ਆਵਾਂਗਾ: ਮੋਦੀ

ਅਗਲੇ ਸਾਲ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਸਮੀਖਿਆ ਲਈ ਵਾਪਸ ਆਵਾਂਗਾ: ਮੋਦੀ

ਪ੍ਰਧਾਨ ਮੰਤਰੀ ਵੱਲੋਂ ‘ਸੰਕਲਪ ਸਪਤਾਹ’ ਦੀ ਸ਼ੁਰੂਆਤ; ਅਧਿਕਾਰੀਆਂ ਨੂੰ ਐਸਪੀਰੇਸ਼ਨਲ ਬਲਾਕਾਂ ਦੇ ਵਿਕਾਸ ਲਈ ਹਦਾਇਤਾਂ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 112 ਜ਼ਿਲ੍ਹਿਆਂ ’ਚ ਤਬਦੀਲੀ ਲਿਆਉਣ ਵਾਲੇ ਐਸਪੀਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਐਸਪੀਰੇਸ਼ਨਲ ਬਲਾਕਾਂ ਨੂੰ ਉੱਪਰ ਚੁੱਕਣ ਵਾਲੇ ਪ੍ਰੋਗਰਾਮ ਦਾ ਆਧਾਰ ਬਣੇਗਾ ਅਤੇ ਇਸ ਦੀ ਕਾਮਯਾਬੀ ਦੀ ਸਮੀਖਿਆ ਲਈ ਉਹ ਅਗਲੇ ਸਾਲ ਵਾਪਸ ਆਉਣਗੇ। ਐਸਪੀਰੇਸ਼ਨਲ ਬਲਾਕ ਪ੍ਰੋਰਗਾਮ ਨੂੰ ਅਮਲ ’ਚ ਲਿਆਉਣ ਨਾਲ ਜੁੜੇ ‘ਸੰਕਲਪ ਸਪਤਾਹ’ ਦੀ ਸ਼ੁਰੂਆਤ ਮੌਕੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਦੇਸ਼ ਦੇ 112 ਜ਼ਿਲ੍ਹਿਆਂ ’ਚ 25 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਿਲ੍ਹੇ ਹੁਣ ਸਭ ਨੂੰ ਪ੍ਰੇਰਨਾ ਦੇਣ ਵਾਲੇ ਬਣ ਗਏ ਹਨ। ਉਨ੍ਹਾਂ ਕਿਹਾ, ‘ਇਸੇ ਤਰ੍ਹਾਂ ਅਗਲੇ ਇੱਕ ਸਾਲ ’ਚ 500 ਐਸਪੀਰੇਸ਼ਨਲ ਬਲਾਕਾਂ ’ਚੋਂ ਘੱਟੋ ਘੱਟ ਸੌ ਪ੍ਰੇਰਨਾ ਦੇਣ ਵਾਲੇ ਬਲਾਕ ਬਣ ਜਾਣਗੇ।’ ਉਨ੍ਹਾਂ ਵੱਖ ਵੱਖ ਮੰਤਰਾਲਿਆਂ ਦੇ ਅਧਿਕਾਰੀਆਂ ਨੂੰ ਸੌ ਬਲਾਕਾਂ ਦੀ ਚੋਣ ਕਰਨ ਅਤੇ ਵੱਖ ਵੱਖ ਪੈਮਾਨਿਆਂ ’ਤੇ ਉਨ੍ਹਾਂ ਨੂੰ ਕੌਮੀ ਔਸਤ ਤੋਂ ਉੱਪਰ ਲਿਆਉਣ ਦੀ ਅਪੀਲ ਕੀਤੀ। ਮੋਦੀ ਨੇ ਪ੍ਰੋਗਰਾਮ ’ਚ ਮੌਜੂਦ ਲੋਕਾਂ ਨੂੰ ਕਿਹਾ, ‘ਮੈਨੂੰ ਭਰੋਸਾ ਹੈ ਕਿ 2024 ’ਚ ਅਸੀਂ ਅਕਤੂਬਰ-ਨਵੰਬਰ ’ਚ ਮੁੜ ਮਿਲਾਂਗੇ ਅਤੇ ਪ੍ਰੋਗਰਾਮ ਦੀ ਕਾਮਯਾਬੀ ਦਾ ਮੁਲਾਂਕਣ ਕਰਾਂਗੇ। ਮੈਂ ਅਗਲੇ ਸਾਲ ਅਕਤੂਬਰ-ਨਵੰਬਰ ’ਚ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਾਂਗਾ।’