‘ਅਗਨੀਵੀਰ’ ਸਕੀਮ ਵੱਡੇ ਕਾਰੋਬਾਰੀ ਅਦਾਰੇ ਨੂੰ ਫ਼ਾਇਦਾ ਦੇਣ ਲਈ ਲਿਆਂਦੀ: ਰਾਹੁਲ

‘ਅਗਨੀਵੀਰ’ ਸਕੀਮ ਵੱਡੇ ਕਾਰੋਬਾਰੀ ਅਦਾਰੇ ਨੂੰ ਫ਼ਾਇਦਾ ਦੇਣ ਲਈ ਲਿਆਂਦੀ: ਰਾਹੁਲ

ਸਾਬਕਾ ਕਾਂਗਰਸ ਪ੍ਰਧਾਨ ਨੇ ਦੋ ਸਾਲ ਪਹਿਲਾਂ ਲਿਆਂਦੀ ਸਕੀਮ ਦੇ ਹਵਾਲੇ ਨਾਲ ਮੋਦੀ ਸਰਕਾਰ ਨੂੰ ਘੇਰਿਆ
ਮੋਹਨੀਆ (ਬਿਹਾਰ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੱਖਿਆ ਬਜਟ ਇਕ ਵੱਡੇ ਕਾਰੋਬਾਰੀ ਅਦਾਰੇ ਦੇ ਫਾਇਦੇ ਲਈ ਖਰਚਣ ਵਾਸਤੇ ਹੀ ‘ਅਗਨੀਵੀਰ’ ਸਕੀਮ ਲਿਆਂਦੀ ਹੈ। ਗਾਂਧੀ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਖਹਿੰਦੇ ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਮੋਹਨੀਆ ਵਿਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਬਿਹਾਰ ਦੇ ਇਸ ਖਿੱਤੇ ਵਿਚੋਂ ਵੱਡੀ ਗਿਣਤੀ ਨੌਜਵਾਨ ਹਥਿਆਰਬੰਦ ਬਲਾਂ ਵਿਚ ਭਰਤੀ ਹੁੰਦੇ ਹਨ। ਦੋ ਸਾਲ ਪਹਿਲਾਂ ਅਗਨੀਵੀਰ ਸਕੀਮ ਨੂੰ ਲੈ ਕੇ ਇਥੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ ਸਨ। ਕੇਂਦਰ ਸਰਕਾਰ ਨੇ 15 ਜੂਨ 2022 ਨੂੰ ਅਗਨੀਪਥ ਸਕੀਮ ਸ਼ੁਰੂ ਕੀਤੀ ਸੀ।

ਗਾਂਧੀ ਨੇ ਕਿਹਾ, ‘‘ਇਕ ਅਗਨੀਵੀਰ ਨੂੰ ਫੌਜ ਵਿਚ ਰੈਗੂਲਰ ਭਰਤੀ ਹੋਏ ਜਵਾਨ ਵਾਂਗ ਨਾ ਤਾਂ ਤਨਖਾਹ ਤੇ ਪੈਨਸ਼ਨ ਮਿਲੇਗੀ ਤੇ ਨਾ ਹੀ ਫੌਜੀ ਕੰਟੀਨ ਤੱਕ ਰਸਾਈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ, ‘‘ਇਹ ਇਸ ਲਈ ਕਿਉਂਕਿ ਮੋਦੀ ਸਰਕਾਰ ਰੱਖਿਆ ਬਜਟ ਤਨਖਾਹਾਂ ਤੇ ਫੌਜੀਆਂ ਦੇ ਹੋਰ ਭੱਤਿਆਂ ’ਤੇ ਨਹੀਂ ਖਰਚਣਾ ਚਾਹੁੰਦੀ। ਸਰਕਾਰ ਇਹ ਸਾਰਾ ਪੈਸਾ ਇਕ ਵੱਡੇ ਕਾਰੋਬਾਰੀ ਅਦਾਰੇ ਦੀ ਭਲਾਈ ’ਤੇ ਖਰਚਣਾ ਚਾਹੁੰਦੀ ਹੈ।’’ ਇਸ ਤੋਂ ਪਹਿਲਾਂ ਅੱਜ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੇ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਪੂਰਾ ਕਰੇਗੀ ਅਤੇ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਮਗਰੋਂ ਇੰਡੀਆ ਬਲਾਕ ਦੀ ਸਰਕਾਰ ਆਈ ਤਾਂ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਈ ਜਾਵੇਗੀ।

ਬਿਹਾਰ ਦੇ ਰੋਹਤਾਸ ਵਿਚ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਕੜੀ ਵਿਚ ‘ਕਿਸਾਨ ਨਿਆਏ ਪੰਚਾਇਤ’ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੀ ਲਾਹੇਵੰਦ ਕੀਮਤ ਨਹੀਂ ਮਿਲ ਰਹੀ।

ਉਨ੍ਹਾਂ ਕਿਹਾ, ‘‘ਲੋਕ ਸਭਾ ਚੋਣਾਂ ਮਗਰੋਂ ਇੰਡੀਆ ਬਲਾਕ ਸੱਤਾ ਵਿਚ ਆਇਆ ਤਾਂ ਅਸੀਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ। ਜਦੋਂ ਕਦੇ ਵੀ ਕਿਸਾਨਾਂ ਨੇ ਕਾਂਗਰਸ ਤੋਂ ਕੁਝ ਮੰਗਿਆ ਹੈ, ਉਹ ਪੂਰਾ ਕੀਤਾ ਗਿਆ ਹੈ। ਕਰਜ਼ਾ ਮੁਆਫ਼ੀ ਹੋਵੇ ਜਾਂ ਐੱਮਐੱਸਪੀ, ਅਸੀਂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਤੇ ਅੱਗੋਂ ਵੀ ਕਰਦੇ ਰਹਾਂਗੇ।’’