ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰੇਗਾ ਸਿੰਧੀ ਸਮਾਜ

ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰੇਗਾ ਸਿੰਧੀ ਸਮਾਜ

ਇੰਦੌਰ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਹੋਵੇਗੀ ਚਰਚਾ; ਦੋ ਰੋਜ਼ਾ ਦੌਰੇ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗਾ ਵਫ਼ਦ
ਅੰਮ੍ਰਿਤਸਰ- ਇੰਦੌਰ ਵਿੱਚ ਘਰਾਂ ’ਚੋਂ ਜਬਰੀ ਪਾਵਨ ਸਰੂਪ ਚੁੱਕਣ ਦੇ ਮਾਮਲੇ ਬਾਰੇ ਸਿੰਧੀ ਸਮਾਜ ਵੱਲੋਂ ਛੇਤੀ ਹੀ ਪੰਜਾਬ ਆ ਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਮਸਲੇ ਦੇ ਹੱਲ ਬਾਰੇ ਚਰਚਾ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਧੀ ਸਮਾਜ ਨਾਲ ਗੱਲਬਾਤ ਲਈ ਇੰਦੌਰ ਭੇਜੇ ਸਿੱਖ ਵਫ਼ਦ ਨੇ ਦਿੱਤੀ। ਇਹ ਸਿੱਖ ਵਫ਼ਦ ਦੋ ਰੋਜ਼ਾ ਇੰਦੌਰ ਦੌਰੇ ਮਗਰੋਂ ਪੰਜਾਬ ਪਰਤ ਰਿਹਾ ਹੈ ਤੇ ਇੱਥੇ ਦੌਰੇ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪੇਗਾ।

ਸਿੱਖ ਵਫਦ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਦੱਸਿਆ ਕਿ ਸਿੰਧੀ ਸਮਾਜ ਦੇ ਆਗੂਆਂ ਦੀ ਮੁਲਾਕਾਤ ਛੇਤੀ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਵਾਈ ਜਾਵੇਗੀ। ਮੁਲਾਕਾਤ ਦੌਰਾਨ ਜਿੱਥੇ ਇਸ ਮਸਲੇ ਸਬੰਧੀ ਹੋਰ ਵਿਚਾਰ ਚਰਚਾ ਹੋਵੇਗੀ, ਉਥੇ ਹੀ ਮਾਮਲੇ ਦੇ ਹੱਲ ਲਈ ਠੋਸ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੰਧੀ ਸਮਾਜ ਦੇ ਲੋਕਾਂ ਦੇ ਘਰਾਂ ਅਤੇ ਧਰਮ ਅਸਥਾਨਾਂ ਵਿਚ ਰੱਖੇ ਪਾਵਨ ਸਰੂਪ ਵਧੇਰੇ ਬਿਰਧ ਹਨ ਅਤੇ ਕਈ ਪ੍ਰਕਾਸ਼ ਕਰਨ ਦੀ ਹਾਲਤ ਵਿੱਚ ਵੀ ਨਹੀਂ ਹਨ। ਇਨ੍ਹਾਂ ਦਾ ਬਦਲਵਾਂ ਪ੍ਰਬੰਧ ਕਰਨ ਦੀ ਲੋੜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦੌਰ ਵਿਚ ਇਹ ਵਫ਼ਦ ਗੁਰਦੁਆਰਾ ਇਮਲੀ ਸਾਹਿਬ ਵੀ ਪੁੱਜਾ, ਜਿੱਥੇ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਸਮੇਤ ਗੁਰਦੁਆਰਾ ਕਮੇਟੀ ਦੇ ਮੈਂਬਰਾਂ, ਸਥਾਨਕ ਸਿੱਖ ਸੰਗਤ ਅਤੇ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ ਸੁਰਜੀਤ ਸਿੰਘ ਟੁਟੇਜਾ ਨਾਲ ਉਕਤ ਮਸਲੇ ਬਾਰੇ ਵਿਚਾਰ ਚਰਚਾ ਕੀਤੀ। ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਇੰਦੌਰ ਵਿੱਚ ਸਿੰਧੀ ਸਮਾਜ ਵੱਲੋਂ ਸਥਾਪਤ ਅਸਥਾਨਾਂ ਤੇ ਗੁਰਦੁਆਰਿਆਂ ਦਾ ਵੀ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਵਫਦ ਨੇ ਇੰਦੌਰ ਵਿੱਚ 20 ਦੇ ਕਰੀਬ ਸਨਾਤਨੀ ਮੱਤ ਵਾਲੇ ਸਿੰਧੀ ਆਗੂਆਂ ਨਾਲ ਸੁਖਾਂਵੇ ਮਾਹੌਲ ਵਿੱਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਹਰਜਿੰਦਰ ਸਿੰਘ ਧਾਮੀ ਦਾ ਸੰਦੇਸ਼ ਸਾਂਝਾ ਕੀਤਾ। । ਵਫਦ ਦੇ ਆਗੂਆਂ ਨੇ ਦੱਸਿਆ ਕਿ ਸਿੰਧੀ ਸਮਾਜ ਦੇ ਆਗੂਆਂ ਨੇ ਮਸਲੇ ਦੇ ਹੱਲ ਲਈ ਗੱਲ ਅੱਗੇ ਵਧਾਉਣ ਲਈ ਕਿਹਾ ਹੈ। ਸਿੱਖ ਵਫਦ ਨੇ ਸਿੰਧੀ ਸਮਾਜ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਲਦੀ ਹੀ ਅਕਾਲ ਤਖ਼ਤ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਕੇ ਇਸ ਗੱਲਬਾਤ ਨੂੰ ਅੱਗੇ ਵਧਾਇਆ ਜਾਵੇਗਾ।