ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਮੁੱਖ ਮੰਤਰੀ: ਸੁਖਬੀਰ ਬਾਦਲ

ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਮੁੱਖ ਮੰਤਰੀ: ਸੁਖਬੀਰ ਬਾਦਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਕੀਤੀ ਟਿੱਪਣੀ ਦਾ ਵਿਰੋਧ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਝੂਠੀ ਸਰਕਾਰੀ ਤਾਕਤ ਦੇ ਨਸ਼ੇ ਵਿੱਚ ਅਤੇ ਦਿੱਲੀ ’ਚ ਬੈਠੀ ਸਿੱਖ ਵਿਰੋਧੀ ਲਾਬੀ ਦੀ ਕਥਿਤ ਸ਼ਹਿ ’ਤੇ ਗੁਰੂ ਘਰ ਦੇ ਸੇਵਾਦਾਰਾਂ ਬਾਰੇ ਗ਼ਲਤ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਭਗਵੰਤ ਮਾਨ ਬਿਨਾਂ ਦੇਰੀ ਤੇ ਬਿਨਾਂ ਸ਼ਰਤ ਤੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਲੈਣ। ਜੇਕਰ ਉਹ ਮੁਆਫੀ ਨਹੀਂ ਮੰਗਦੇ ਤਾਂ ਇਸ ਦਾ ਹਸ਼ਰ ਉਹ ਹੀ ਹੋਵੇਗਾ, ਜੋ ਸਿੱਖ ਇਤਿਹਾਸ ’ਚ ਗੁਰੂ ਘਰ ਨਾਲ ਖਾਸ ਕਰਕੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਅਤੇ ਛੇਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਮੀਰੀ ਮੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਜੰਗ ਛੇੜਣ ਵਾਲਿਆਂ ਦਾ ਹੁੰਦਾ ਆਇਆ ਹੈ।