ਅਕਾਲ ਤਖਤ ਨਿਰਪੇਖ ਸਿੱਖ ਸੰਗਤ


ਸ੍ਰ. ਗੁਰਚਰਨਜੀਤ ਸਿੰਘ ਲਾਂਬਾ
ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਸਿੱਖੀ ਦੀ ਆਤਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਚੁੱਕੀ ਸੀ। ਇਸ ਦਾ ਪ੍ਰਕਾਸ਼ ਵੀ ਹੋ ਚੁੱਕਾ ਸੀ। ਇਸ ਲਈ ਚਵਰ, ਛਤਰ, ਸਿੰਘਾਸਨ ਵੀ ਤਿਆਰ ਹੋ ਚੁੱਕੇ ਸਨ। ਸੰਗਤ ਤੇ ਪੰਗਤ ਦਾ ਸੰਕਲਪ ਵੀ ਉਜਾਗਰ ਹੋ ਚੁੱਕਾ ਸੀ ਪਰ ਇਸ ਦੇ ਬਾਵਜੂਦ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੇ ਅਦੁੱਤੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਇਸ ਲਈ ਨਾ ਤਾਂ ਸਰਕਾਰੀ ਭੇਟਾ ਹੀ ਪ੍ਰਵਾਨ ਕੀਤੀ ਗਈ ਤੇ ਨਾ ਹੀ ਬਾਹਰਲੀ ਸੇਵਾ। ਗੁਰੂ ਸਾਹਿਬ ਨੇ ਸਪਸ਼ਟ ਐਲਾਨ ਕਰ ਦਿੱਤਾ ਕਿ ਇਹ ਅਕਾਲ ਦਾ ਤਖ਼ਤ ਹੈ ਤੇ ਅਕਾਲ ਦੇ ਉਪਾਸ਼ਕ ਹੀ ਇਸ ਨੂੰ ਬਣਾਉਣਗੇ। ਇਸ ਅਸਥਾਨ ’ਤੇ ਚੰਗੀ ਜਵਾਨੀ, ਚੰਗੇ ਘੋੜੇ ਤੇ ਚੰਗੇ ਸ਼ਸਤਰਾਂ ਦੀ ਭੇਟਾ ਪ੍ਰਵਾਨ ਹੋਈ। ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਸਭ ਨੂੰ ਚ�ਿਤ ਤੇ ਚਕਾਚੌਂਧ ਕਰ ਦਿੱਤਾ। ਬਾਬਾ ਨਾਨਕ ਸ਼ਾਹ ਫ਼ਕੀਰ ਦਾ ਇਹ ਨਵਾਂ ਰੂਪ ਸੰਸਾਰ ਲਈ ਪਸ਼ੇਮਾਨੀ ਦਾ ਕਾਰਨ ਬਣਿਆ। ਮਰਾਠਾ ਵੀਰ ਸ਼ਿਵਾ ਜੀ ਦੇ ਗੁਰੂ ਸਮਰੱਥ ਰਾਮਦਾਸ ਵਰਗੇ ਤਾਂ ਇਸ ਰੂਪ ਤੋਂ ਵਿਚਲਿਤ ਹੋ ਵਾਪਸ ਹੀ ਮੁੜਨ ਲੱਗੇ।
ਗੁਰੂ ਨਾਨਕ ਪਾਤਸ਼ਾਹ ਦਾ ਆਰੰਭ ਕੀਤਾ ਇਹ ਪ੍ਰਵਾਹ ਚੱਲਦਾ ਰਿਹਾ ਅਤੇ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1966 ਦੀ ਵਿਸਾਖੀ ਵਾਲੇ ਦਿਨ ਨੰਗੀ ਤਲਵਾਰ ਰਾਹੀਂ ਉਨ੍ਹਾਂ ਹੀ ਆਸ਼ਕਾਂ, ਪਿਆਰਿਆਂ ਦੀ ਮੰਗ ਕੀਤੀ, ਜਿਨ੍ਹਾਂ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੋਤ ਅਤੇ ਜੁਗਤੀ ਅਗਲੇ ਗੁਰੂ ਸਾਹਿਬ ਵਿਚ ਸਥਾਪਤ ਕਰ ਦਿੱਤੀ ਜਾਂਦੀ ਸੀ। ਜੋਤਿ ਓਹਾ ਜੁਗਤਿ ਸਾਇ॥ ਕਲਗੀਧਰ ਪਿਤਾ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਤ ਕਰ ਦਿੱਤੀ ਅਤੇ ਜੁਗਤੀ ਗੁਰੂ ਖ਼ਾਲਸੇ ਨੂੰ ਅਰਪਣ ਕਰ ਦਿੱਤੀ। ਗੁਰੂ ਪੰਥ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਉਹ ਮਤੇ, ਗੁਰਮਤਿ ਫੈਸਲੇ, ਆਦੇਸ਼ ਅਤੇ ਹੁਕਮ ਜਾਰੀ ਕਰ ਸਕਦਾ ਸੀ, ਜਿਨ੍ਹਾਂ ਨੂੰ ਪੰਥਕ ਮਾਨਸਿਕਤਾ ਗੁਰੂ ਸਾਹਿਬ ਦੇ ਹੁਕਮਨਾਮੇ ਜਿਹਾ ਸਤਿਕਾਰ ਦਿੰਦੀ ਰਹੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਸਿਰਜੇ ਖਾਲਸੇ ਦਾ ਸਿਧਾਂਤਾਂ ਵਿਚ ਕਦੀ ਖੜੋਤ ਨਹੀਂ ਆ ਸਕਦੀ। ਕਿਸੇ ਵੀ ਮਤ ਮਤਾਂਤਰ ਜਾਂ ਮਜ਼੍ਹਬ ਵਿਚ ਇਹੋ ਜਿਹੀ ਵਿਵਸਥਾ ਨਹੀਂ ਹੈ।
ਜੋਤ ਅਤੇ ਜੁਗਤਿ ਦੇ ਇਸ ਅਦੁੱਤੀ ਸੰਕਲਪ ਨੂੰ ਵਕਤੀ ਸਰਕਾਰਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਨੇ ਚੰਗੀ ਨਜ਼ਰੇ ਨਹੀਂ ਦੇਖਿਆ। ਜਿਸ ਤਰ੍ਹਾਂ ਬਿਜਲਈ ਸ਼ਕਤੀ ਤੋਂ ਬਿਨਾਂ ਮਸ਼ੀਨ ਨਿਰਜਿੰਦ ਹੈ, ਇਸੇ ਤਰ੍ਹਾਂ ਜੇਕਰ ਖਾਲੀ ਬਿਜਲੀ ਦੀ ਸ਼ਕਤੀ ਹੈ ਪਰ ਮਸ਼ੀਨ ਨਹੀਂ ਤਾਂ ਕੋਈ ਕਾਰਜ ਸਿੱਧ ਨਹੀਂ ਹੋ ਸਕਦਾ। ਇਹੀ ਸਿਧਾਂਤ ਜੋਤ ਅਤੇ ਜੁਗਤਿ ਦੇ ਸੁਮੇਲ ਦਾ ਹੈ। ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੈ ਤੇ ਸਰੀਰ ਤੋਂ ਬਿਨਾਂ ਆਤਮਾ ਪ੍ਰੇਤ-ਤੁਲ ਹੈ।
ਗੁਰੂ ਗ੍ਰੰਥ ਸਾਹਿਬ ਜੋਤ ਹੈ, ਖਾਲਸਾ ਜੁਗਤੀ ਹੈ। ਇਨ੍ਹਾਂ ਦੋਹਾਂ ਦੇ ਸੁਮੇਲ ਦੀ ਸਰਵੁੱਚਤਾ ਨੂੰ ਪ੍ਰਵਾਨ ਕਰਨ ਤੇ ਇਸ ਪ੍ਰਤੀ ਸਮਰਪਿਤ ਹੋਣ ਵਾਲਾ ਹੀ ਸਿੱਖ ਅਖਵਾਉਣ ਦਾ ਹੱਕਦਾਰ ਹੈ। ਆਰੀਆ ਸਮਾਜ ਦੇ ਸੰਸਥਾਪਕ ਦਯਾ ਨੰਦ ਦੀ ਆਮਦ ਦੇ ਨਾਲ ਹੀ ਗਿਣੇ-ਮਿੱਥੇ ਢੰਗ ਦੇ ਨਾਲ ਇਹ ਪ੍ਰਚਾਰ-ਪ੍ਰਸਾਰ ਆਰੰਭ ਹੋਇਆ ਕਿ ਅਸੀਂ ਤਾਂ ਕੇਵਲ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੀ ਬਾਣੀ ਨੂੰ ਹੀ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੀ ਲਹਿਰ ਨੂੰ ਉਲਟ ਮੋੜ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਗੁੰਮਰਾਹ ਦੇਸ਼ ਭਗਤ ਸਨ। ਹੁਕਮਨਾਮਾ ਅਕਾਲ ਤਖਤ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਦੇਹ ਸ਼ਿਵਾ ਅਤੇ ਵਾਰ ਸੀ ਭਗੌਤੀ ਕਹਿ ਕੇ ਦੇਵੀ ਦੀ ਅਰਾਧਨਾ ਕੀਤੀ, ਆਦਿ ਆਦਿ…।
ਇਸ ਲਈ ਗੁਰੂ ਦੇ ਬਾਣੇ ਅਤੇ ਬਾਣੀ ’ਤੇ ਸੁਨਿਯੋਜਤ ਢੰਗ ਨਾਲ ਹਮਲੇ ਪ੍ਰਾਰੰਭ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ-ਢੇਰੀ ਕੀਤਾ ਗਿਆ ਅਤੇ ਤਸ਼ੱਦਦ ਦੀ ਅੰਨ੍ਹੀ ਹਨ੍ਹੇਰੀ ਝੁਲਾਈ ਗਈ। ਪਰ ਇਹ ਸਭ ਕੁਝ ਜੋਤ ਅਤੇ ਜੁਗਤਿ ਦੇ ਸੁਮੇਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸੰਕਲਪ ਨੂੰ ਨਾ ਮਿਟਾ ਸਕੇ।
ਆਰ.ਐਸ.ਐਸ. ਦੀ ਰੰਗਰੂਟ ਸੰਸਥਾ ਰਾਸ਼ਟਰੀ ਸਿੱਖ ਸੰਗਤ ਨੇ ਇਸ ਸਾਰੇ ਪੋ੍ਰਗਰਾਮ ਨੂੰ ਕਲਮਬੱਧ ਕਰਦਿਆਂ ਆਪਣੇ ਸੰਵਿਧਾਨ ਵਿਚ ਰਾਸ਼ਟਰੀ ਸਿੱਖਾਂ ਦੀ ਸੰਗਤ ਦਾ ਸੰਕਲਪ ਪੇਸ਼ ਕੀਤਾ, ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਪੰਥ, ਹੁਕਮਨਾਮੇ ਦਾ ਦੂਰ-ਦੂਰ ਤੱਕ ਜ਼ਿਕਰ ਵੀ ਨਹੀਂ।
ਨਿਸ਼ਾਨਾ ਇਕ ਐਸੇ ਰਾਸ਼ਟਰੀ ਸਿੱਖ ਸਮਾਜ ਦੀ ਸਥਾਪਨਾ ਕਰਨੀ ਸੀ ਜੋ ਕਿ ਐਲਾਨ ਕਰੇ ਕਿ ਅਸੀਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰੂ ਪੰਥ, ਰਹਿਤ ਮਰਯਾਦਾ, ਅਕਾਲ ਤਖਤ, ਹੁਕਮਨਾਮਾ, ਜਥੇਦਾਰ, ਸਿੰਘ ਸਾਹਿਬ, ਅੰਮਿ੍ਰਤ, ਗੁਰੂ ਇਤਿਹਾਸ ਆਦਿ ਸਭ ਬ੍ਰਾਹਮਣ ਦੀ ਦੇਣ ਹੈ ਅਤੇ ਇਹ ਸਭ ਕੁਝ ‘ਬਿਪਰਨ ਕੀ ਰੀਤ’ ਹੈ।
ਇਸ ਸਾਰੀ ਕਾਰਵਾਈ ਨੂੰ ਸਰਅੰਜਾਮ ਦੇਣ ਲਈ ਸਿੱਖੀ ਸਰੂਪ ਵਿਚ ਜਾਤੀ ਅਤੇ ਜਮਾਤੀ ਤੌਰ ’ਤੇ ਵਿਚਰ ਰਹੇ ਵਿਅਕਤੀ ਅਤੇ ਸੰਸਥਾਵਾਂ ਦੀਆਂ ਸੇਵਾਵਾਂ ਅਣਮੰਗੀਆਂ ਹੀ ਹਾਜ਼ਰ ਸਨ।
ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮਾ ਇਕ ਐਸੀ ਨਾਭੀ ਜਾਂ ਧੁਰਾ ਹੈ, ਜੋ ਪੰਥ ਨੂੰ ਸਮੇਂ ਸਮੇਂ ਸਿਰ ਸੇਧ ਦੇ ਸਕਦਾ ਹੈ। ਵੱਡੇ ਹਮਲੇ ਰਾਹੀਂ ਸਿੱਖੀ ਦੇ ਰੱਥ ਦੇ ਪਹੀਏ ’ਚੋਂ ਉਹ ਕਿੱਲੀ ਹੀ ਕੱਢੀ ਦੇਣ ਦੀ ਇਹ ਸਾਜ਼ਿਸ਼ ਹੈ।
ਭਗਵੰਤ ਹਰੀ ਜੀ ਹਿੰਦੂ ਦੀ ਪਰਿਭਾਸ਼ਾ ਦਿੰਦਿਆਂ ਲਿਖਦੇ ਹਨ, ‘ਜੋ ਖਾਣ-ਪੀਣ, ਰਹਿਣ-ਸਹਿਣ, ਪੂਜਾ ਪਾਠ ਦੇ ਸਾਰੇ ਬੰਧਨਾਂ ਤੋਂ ਮੁਕਤ ਹੈ, ਉਹ ਅੱਜ ਦਾ ਹਿੰਦੂ ਹੈ।’ ਗੁਰੂ ਗੋਬਿੰਦ ਸਿੰਘ ਜੀ ਦੇ ਖਾਸ ਰੂਪ ਨਿਆਰੇ ਖਾਲਸੇ ਨੂੰ ਵੀ ਇਸੇ ਤਰ੍ਹਾਂ ਬੰਧਨ ਮੁਕਤ ਕਰਨ ਦੀ ਇਹ ਸਾਜ਼ਿਸ਼ ਵੀ ਬੁਰੀ ਤਰ੍ਹਾਂ ਨਾਕਾਮਯਾਬ ਹੋਏਗੀ। ਕਿਉਕਿ ਖਾਲਸਾ ਰੂਪੀ ਖੇਤੀ ਦੀ ਸੰਭਾਲ ਦਾ ਵਾਅਦਾ ਕਲਗੀਧਰ ਪਿਤਾ ਨੇ ਖ਼ੁਦ ਕੀਤਾ ਹੈ।