ਅਕਾਲੀ ਸਿਆਸਤ ਨੂੰ ਨਵੀਂ ਦਿੱਖ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ

ਅਕਾਲੀ ਸਿਆਸਤ ਨੂੰ ਨਵੀਂ ਦਿੱਖ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ

ਪ੍ਰੋ. ਪ੍ਰੀਤਮ ਸਿੰਘ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਅਕਾਲੀ ਸਿਆਸਤ ਦੇ ਇਕ ਇਤਿਹਾਸਕ ਪੜਾਅ ਦੇ ਅੰਤ ਦਾ ਪ੍ਰਤੀਕ ਬਣ ਗਈ ਹੈ। ਉਹ ਤੀਜੀ ਪੀੜ੍ਹੀ ਦੇ ਅਕਾਲੀ ਸਿਆਸਤਦਾਨਾਂ ਜਿਨ੍ਹਾਂ ’ਚ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਸ਼ਾਮਲ ਸਨ, ਵਿੱਚੋਂ ਆਖ਼ਰੀ ਆਗੂ ਸਨ। ਇਨ੍ਹਾਂ ’ਚੋਂ ਹਰੇਕ ਆਗੂ ਦੀ ਆਪਣੀ ਵੱਖਰੀ ਕਿਸਮ ਦੀ ਸਿਆਸਤ ਸੀ ਪਰ ਇਨ੍ਹਾਂ ਵਿਚਕਾਰ ਸਾਂਝ ਦਾ ਸੂਤਰ ਸੀ ਇਨ੍ਹਾਂ ਦੀ ਵੱਖੋ ਵੱਖਰੀ ਉਦਾਰਵਾਦੀ ਸਿਆਸਤ ਦੀ ਪੈਰਵੀ। ਲਗਭਗ ਦਹਾਕਾ ਭਰ ਲੰਮੇ ਮੋਰਚਿਆਂ ਤੋਂ ਬਾਅਦ 1966 ਵਿਚ ਪੰਜਾਬੀ ਸੂਬੇ ਦੇ ਮੁੜ ਗਠਨ ਤੋਂ ਬਾਅਦ ਇਹ ਪੀੜ੍ਹੀ ਨਿੱਤਰ ਕੇ ਸਾਹਮਣੇ ਆਈ ਸੀ। ਜਦੋਂ ਅੰਗਰੇਜ਼ੀ ਰਾਜ ਦੇ ਖ਼ਾਤਮੇ ਤੋਂ ਬਾਅਦ ਅਕਾਲੀ ਸਿਆਸਤ ਸਾਹਮਣੇ ਪੰਜਾਬ ਦੀ ਵੰਡ ਨਾਲ ਸਿੱਝਣ ਲਈ ਰਣਨੀਤੀ ਘੜਨ ਦਾ ਸਵਾਲ ਆਇਆ ਤਾਂ ਪਹਿਲੀ ਪੀੜ੍ਹੀ ਦੇ ਅਕਾਲੀ ਆਗੂਆਂ ’ਚੋਂ ਮਾਸਟਰ ਤਾਰਾ ਸਿੰਘ ਸਾਹਮਣੇ ਆਏ ਸਨ। ਅਕਾਲੀ ਦਲ ਨੇ ਪੰਜਾਬ ਦੀ ਵੰਡ ਦਾ ਵਿਰੋਧ ਕੀਤਾ, ਪਰ ਪੰਜਾਬ ਦੇ ਦੋ ਹੋਰਨਾਂ ਭਾਈਚਾਰਿਆਂ ਹਿੰਦੂਆਂ ਤੇ ਮੁਸਲਮਾਨਾਂ ਦੀ ਆਬਾਦੀ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੋਣ ਕਰਕੇ ਉਹ ਆਪਣੀ ਗੱਲ ਨਹੀਂ ਮਨਵਾ ਸਕੇ। ਅਸਲ ਵਿਚ ਦੇਸ਼ਵੰਡ ਨੂੰ ਪੰਜਾਬ ਤੇ ਬੰਗਾਲ ਦੀ ਵੰਡ ਹੀ ਕਹਿਣਾ ਜ਼ਿਆਦਾ ਸਹੀ ਹੋਵੇਗਾ ਜੋ ਇਸ ਕਰਕੇ ਹੋਈ ਕਿਉਂਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਲੀਡਰਸ਼ਿਪ ਆਪਸੀ ਮੱਤਭੇਦ ਸੁਲਝਾਉਣ ਵਿਚ ਨਾਕਾਮ ਰਹੀ। ਅਕਾਲੀ ਲੀਡਰਸ਼ਿਪ ਨੇ ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਜਿਨਾਹ ਦੀ ਤਜਵੀਜ਼ ਨਾਮਨਜ਼ੂਰ ਕਰ ਦਿੱਤੀ ਜਿਸ ਦਾ ਮਤਲਬ ਇਹ ਹੋਣਾ ਸੀ ਕਿ ਸਮੁੱਚਾ ਪੰਜਾਬ ਪਾਕਿਸਤਾਨ ਵਿਚ ਚਲਾ ਜਾਂਦਾ, ਪਰ ਅਕਾਲੀਆਂ ਨੇ ਜਵਾਹਰਲਾਲ ਨਹਿਰੂ ਦੇ ਉਸ ਭਰੋਸੇ ’ਤੇ ਯਕੀਨ ਕਰ ਲਿਆ ਕਿ ਜੇ ਸਿੱਖ ਭਾਰਤ ਨਾਲ ਰਹਿੰਦੇ ਹਨ ਤਾਂ ਉੱਤਰੀ ਭਾਰਤ ਅੰਦਰ ਇਕ ਨਵਾਂ ਰਾਜ ਕਾਇਮ ਕੀਤਾ ਜਾਵੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।

1947 ਤੋਂ ਬਾਅਦ ਦੇ ਭਾਰਤ ਵਿਚ ਅਕਾਲੀ ਸਿਆਸਤ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਜਿਸ ਤਹਿਤ ਇਕ ਪਾਸੇ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠ ਇਹ ਬਿਰਤਾਂਤ ਚਲਾਇਆ ਜਾ ਰਿਹਾ ਸੀ ਕਿ ਸਿੱਖਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੇ ਧਰਮ ਅਤੇ ਰਵਾਇਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਦੂਜੇ ਪਾਸੇ ਮਾਸਟਰ ਤਾਰਾ ਸਿੰਘ ਸਨ ਜਿਨ੍ਹਾਂ ਦਾ ਖ਼ਿਆਲ ਸੀ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਅਤੇ ਆਪਣੀ ਪਾਰਟੀ ਬਣਾ ਕੇ ਰੱਖਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਪੇਂਡੂ ਖੇਤਰਾਂ ਤੋਂ ਆਉਂਦੇ ਆਗੂਆਂ ਦੀ ਪਹਿਲੀ ਪੀੜ੍ਹੀ ਨਾਲ ਜੁੜੇ ਹੋਏ ਸਨ ਜਿਨ੍ਹਾਂ ਲਾਹੌਰ ਵਿਚ ਆਧੁਨਿਕ ਸਿੱਖਿਆ ਹਾਸਲ ਕੀਤੀ ਸੀ ਜੋ ਉਦੋਂ ਸਿੱਖਿਆ ਦਾ ਬਹੁਤ ਵੱਡਾ ਕੇਂਦਰ ਸੀ। ਉਹ ਸਰਕਾਰੀ ਅਫ਼ਸਰ ਵਜੋਂ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਗਿਆਨੀ ਕਰਤਾਰ ਸਿੰਘ ਨੇ ਸ੍ਰੀ ਬਾਦਲ ਦੇ ਪਿਤਾ ਨੂੰ ਇਸ ਗੱਲ ਲਈ ਮਨਾ ਲਿਆ ਕਿ ਪੰਜਾਬ ਦਾ ਭਵਿੱਖ ਸੰਵਾਰਨ ਲਈ ਪੇਂਡੂ ਪਿਛੋਕੜ ਵਾਲੇ ਪੜ੍ਹੇ ਲਿਖੇ ਸਿੱਖ ਆਗੂਆਂ ਦੀ ਲੋੜ ਹੈ ਜਿਸ ਕਰਕੇ ਚੰਗਾ ਹੋਵੇਗਾ ਕਿ ਉਹ ਸਰਕਾਰੀ ਅਫ਼ਸਰ ਬਣਨ ਦੀ ਥਾਂ ਸਿਆਸਤ ਵਿਚ ਆ ਜਾਣ। ਅਕਾਲੀ ਸਿਆਸਤ ਦੇ ਦੋ ਖੇਮਿਆਂ ਅੰਦਰ ਗਿਆਨੀ ਕਰਤਾਰ ਸਿੰਘ ਦੀ ਧਾਰਾ ਥੋੜ੍ਹੇ ਸਮੇਂ ਲਈ ਸਫ਼ਲ ਤਾਂ ਰਹੀ ਪਰ ਇਸ ਕਰਕੇ ਅਕਾਲੀ ਸਿਆਸਤ ਨੂੰ ਆਪਣੀ ਪਛਾਣ ਗੁਆ ਕੇ ਕਾਂਗਰਸ ਪਾਰਟੀ ਦਾ ਹਿੱਸਾ ਬਣਨਾ ਪਿਆ। ਇਸੇ ਅਕਾਲੀ-ਕਾਂਗਰਸ ਸਮਝੌਤੇ ਕਰਕੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਦੀ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ।

ਜਦੋਂ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਗਠਨ ਦੀ ਮੰਗ ਠੁਕਰਾ ਦਿੱਤੀ ਤਾਂ ਮਾਸਟਰ ਤਾਰਾ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖਾਂ ਨਾਲ ਵਿਸਾਹਘਾਤ ਹੋਇਆ ਹੈ ਕਿਉਂਕਿ ਇਹ ਨਹਿਰੂ ਹੀ ਸੀ ਜਿਨ੍ਹਾਂ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਨੂੰ ਇਕ ਅਜਿਹਾ ਖਿੱਤਾ ਦੇਣ ਦਾ ਭਰੋਸਾ ਦਿਵਾਇਆ ਸੀ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਮਾਸਟਰ ਤਾਰਾ ਸਿੰਘ ਅਕਾਲੀ ਲੀਡਰਸ਼ਿਪ ਨੂੰ ਕਾਂਗਰਸ ਪਾਰਟੀ ਨਾਲੋਂ ਕਿਨਾਰਾ ਕਰਨ ਲਈ ਰਾਜ਼ੀ ਕਰਨ ਵਿਚ ਕਾਮਯਾਬ ਹੋ ਗਏ। ਇਸ ਤਰ੍ਹਾਂ, ਸ੍ਰੀ ਬਾਦਲ ਵੀ ਮਾਸਟਰ ਤਾਰਾ ਸਿੰਘ ਨਾਲ ਚਲੇ ਗਏ। ਇਹ ਉਨ੍ਹਾਂ ਦੇ ਸਿਆਸੀ ਜੀਵਨ ਦਾ ਸ਼ੁਰੂਆਤੀ ਦੌਰ ਸੀ ਜਦੋਂ ਉਨ੍ਹਾਂ ਦਾ ਅਕਾਲੀ ਸਿਆਸਤ ਦੀਆਂ ਦੋਵੇਂ ਵੰਨਗੀਆਂ ਨਾਲ ਚੋਖਾ ਵਾਹ ਪੈ ਰਿਹਾ ਸੀ ਤੇ ਇੰਝ ਅਕਾਲੀ ਸਿਆਸਤ ਦਾ ਉਨ੍ਹਾਂ ਦਾ ਆਪਣਾ ਨਜ਼ਰੀਆ ਬਣ ਰਿਹਾ ਸੀ ਕਿ ਅਕਾਲੀ ਦਲ ਨੂੰ ਸਿੱਖਾਂ ਦਾ ਤਰਜਮਾਨ ਬਣਨਾ ਚਾਹੀਦਾ ਹੈ ਅਤੇ ਨਾਲ ਹੀ ਪੰਜਾਬ ਤੇ ਭਾਰਤੀ ਸਿਆਸਤ ਵਿਚ ਹੋਰਨਾਂ ਗ਼ੈਰ ਸਿੱਖ ਰੁਝਾਨਾਂ ਨਾਲ ਵੀ ਤਾਲਮੇਲ ਬਣਾਉਣ ਦੀ ਲੋੜ ਹੈ। ਇਸ ਸੰਕਲਪ ਨੂੰ ਸਿੱਖ ਸਿਆਸਤ ਦੇ ਦੋਵੇਂ ਰੁਝਾਨਾਂ ਨੂੰ ਮੇਲ ਕੇ ਅਤੇ ਰਾਜਸੀ ਸੱਤਾ ਪ੍ਰਾਪਤ ਕਰਨ ਦਾ ਇਕ ਬਹੁਤ ਹੀ ਵਿਹਾਰਕ ਸੂਤਰ ਸਮਝਿਆ ਜਾਂਦਾ ਹੈ।

ਸ੍ਰੀ ਬਾਦਲ ਨੇ ਸੰਤ ਫਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੰਤ ਚੰਨਣ ਸਿੰਘ ਨੂੰ ਮੂਹਰਲੀਆਂ ਅਕਾਲੀ ਸਫ਼ਾਂ ’ਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਦੋਵੇਂ ਸੰਤ ਅਕਾਲੀ ਲੀਡਰਸ਼ਿਪ ਦੀ ਦੂਜੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਸਨ ਅਤੇ ਇਨ੍ਹਾਂ ਨੇ ਸਪੱਸ਼ਟ ਐਲਾਨ ਕੀਤਾ ਕਿ ਪੰਜਾਬੀ ਸੂਬੇ ਨੂੰ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਜ਼ਰੂਰੀ ਨਹੀਂ ਅਤੇ ਇੰਝ ਇਨ੍ਹਾਂ ਪੰਜਾਬੀ ਸੂਬੇ ਦੀ ਮੰਗ ਨੂੰ ਫ਼ਿਰਕੂ ਰੰਗਤ ਦੇਣ ਤੋਂ ਰੋਕ ਦਿੱਤਾ ਸੀ। ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ-ਸਿੱਖ ਬਿਰਤੀਆਂ ਨਾਲ ਸਾਂਝ ਪਾਉਣ ਦੀ ਸਿਆਸਤ ਵੀ ਸਹਾਈ ਹੋਈ ਜਦੋਂਕਿ ਇਸੇ ਦੌਰਾਨ ਚੌਧਰੀ ਦੇਵੀ ਲਾਲ ਦੀ ਅਗਵਾਈ ਹੇਠ ਵੱਖਰਾ ਹਰਿਆਣਾ ਸੂਬਾ ਬਣਾਉਣ ਦੀ ਮੰਗ ਵੀ ਜ਼ੋਰ ਫੜ ਰਹੀ ਸੀ। ਨਹਿਰੂ ਤੇ ਮਾਸਟਰ ਤਾਰਾ ਸਿੰਘ ਦੇ ਦੇਹਾਂਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਨੇ ਸੰਤ ਫਤਹਿ ਸਿੰਘ ਦੀ ਸੁਹਿਰਦਤਾ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਸੂਬਾ ਬਣਾਉਣ ਦਾ ਭਰੋਸਾ ਦਿਵਾਇਆ ਅਤੇ ਅੰਤ 1966 ਵਿਚ ਪੰਜਾਬੀ ਬੋਲਦੇ ਨਵੇਂ ਸੂਬੇ ਦਾ ਮੁੜਗਠਨ ਹੋ ਗਿਆ। ਅਜਿਹਾ ਇਤਿਹਾਸਕ ਕਿਰਦਾਰ ਨਿਭਾਉਣ ਤੋਂ ਬਾਅਦ ਦੋਵੇਂ ਸੰਤ ਅਕਾਲੀ ਸਿਆਸਤ ’ਚੋਂ ਅਚਾਨਕ ਗਾਇਬ ਹੋ ਗਏ ਹਾਲਾਂਕਿ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਸੌਂਪਣ ਕਰਕੇ ਉਹ ਇਸ ਸਬੰਧੀ ਕੁਝ ਮੰਗਾਂ ਨੂੰ ਲੈ ਕੇ ਜਨਤਕ ਤੌਰ ’ਤੇ ਵਿਚਰਦੇ ਰਹੇ।

ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਮੁੜਗਠਨ ਤੋਂ ਬਾਅਦ ਅਕਾਲੀ ਸਿਆਸਤਦਾਨਾਂ ਦੀ ਤੀਜੀ ਪੀੜ੍ਹੀ ਉੱਭਰੀ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਸਾਰੇ ਪੰਜਾਬੀਆਂ ਦੇ ਪ੍ਰਤੀਨਿਧ ਵਜੋਂ ਸਭ ਤੋਂ ਵੱਧ ਸਫ਼ਲ ਰਹੇ। ਉਨ੍ਹਾਂ ਪੰਜਾਬੀਅਤ, ਸੰਘਵਾਦ ਅਤੇ ਵਿਕਾਸ ਦਾ ਨਵਾਂ ਰਾਹ ਅਪਣਾਉਣ ’ਤੇ ਜ਼ੋਰ ਦਿੱਤਾ ਜਿਸ ਨਾਲ ਪੰਜਾਬ ਦੀ ਸਿਆਸਤ ਦਾ ਇਕ ਨਵਾਂ ਪੜਾਅ ਸ਼ੁਰੂ ਹੋਇਆ। ਉਹ ਭਾਰਤ ਦੇ ਸ਼ਾਸਨ ਵਿਚ ਵਿਕੇਂਦਰੀਕਰਨ ਦੀ ਮੰਗ ਕਰਨ ਵਾਲੇ ਖੇਤਰੀ ਸਿਆਸੀ ਰੁਝਾਨਾਂ ਦੇ ਅਹਿਮ ਫ਼ਰੀਕ ਵੀ ਬਣ ਕੇ ਉੱਭਰੇ।

ਸ੍ਰੀ ਬਾਦਲ ਦੀ ਮੌਤ ਨਾਲ ਚੌਥੀ ਪੀੜ੍ਹੀ ਦੇ ਅਕਾਲੀ ਆਗੂਆਂ ਲਈ ਇਕ ਅਜਿਹੇ ਦੌਰ ਅੰਦਰ ਸਿੱਖਾਂ, ਪੰਜਾਬੀਆਂ ਅਤੇ ਆਲਮੀ ਸਿੱਖ/ਪੰਜਾਬੀ ਭਾਈਚਾਰੇ ਲਈ ਨਵੀਂ ਸਿਆਸਤ ਘੜਨ ਦੀ ਚੁਣੌਤੀ ਆ ਗਈ ਹੈ ਜਿਸ ਵਿਚ ਵਾਤਾਵਰਣ, ਤਕਨਾਲੋਜੀ ਅਤੇ ਸਮਾਜਿਕ ਤਬਦੀਲੀ ਦੇ ਖੇਤਰਾਂ ਵਿਚ ਆਲਮੀ ਤਬਦੀਲੀਆਂ ਹੋ ਰਹੀਆਂ ਹਨ। ਨਵੀਂ ਪੀੜ੍ਹੀ ਨੂੰ ਚੁਣਾਵੀ ਰਾਜਨੀਤੀ ਦੀ ਸੰਕੀਰਨਤਾ ਤੋਂ ਪਾਰ ਜਾ ਕੇ ਆਪਣੇ ਆਪ ਨੂੰ ਚੌਗਿਰਦੇ ਅਤੇ ਸਮਾਜਿਕ ਬਰਾਬਰੀ ਬਾਰੇ ਗੁਰੂ ਨਾਨਕ ਦੇਵ ਦੀ ਬਾਣੀ ਤੋਂ ਸੇਧ ਲੈ ਕੇ ਆਪਣਾ ਬੌਧਿਕ ਖਾਸਾ ਅਮੀਰ ਬਣਾਉਣਾ ਚਾਹੀਦਾ ਹੈ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 1966 ਤੋਂ ਬਾਅਦ ਪੰਜਾਬ ਵਿਚ ਇਕ ਪਾਸੇ ਨਵੀਂ ਭਾਸ਼ਾ, ਨਵੇਂ ਪੈਂਤੜੇ ਅਤੇ ਨਵੀਂ ਸਿਆਸਤ ਘੜੀ, ਉੱਥੇ ਅਤੀਤ ਨਾਲ ਰਾਬਤਾ ਵੀ ਬਣਾ ਕੇ ਰੱਖਿਆ। ਉਸੇ ਤਰ੍ਹਾਂ ਪੰਜਾਬ ਦੀ ਨਵੀਂ ਲੀਡਰਸ਼ਿਪ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਵਰਤਮਾਨ ਨਾਲ ਰਚਨਾਤਮਿਕ ਸਾਂਝ ਪਾਉਂਦਿਆਂ ਆਪਣੇ ਅਤੀਤ ਨਾਲ ਰਿਸ਼ਤਾ ਕਿਵੇਂ ਬਣਾ ਕੇ ਰੱਖਿਆ ਜਾਵੇ। ਭਾਰਤ ਦੇ ਸ਼ਾਸਨ ਦੇ ਫੈਡਰਲ ਸੰਕਲਪ ਪ੍ਰਤੀ ਪ੍ਰਕਾਸ਼ ਸਿੰਘ ਬਾਦਲ ਦੀ ਦਿਲੀ ਅਰਜ਼ ਪ੍ਰਤੀ ਵਚਨਬੱਧ ਰਹਿ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।