ਅਕਾਲੀ ਸਰਕਾਰ ਆਉਣ ’ਤੇ ਮੁੜ ਵਿਸ਼ਵ ਕਬੱਡੀ ਕੱਪ ਆਰੰਭ ਹੋਵੇਗਾ: ਸੁਖਬੀਰ

ਅਕਾਲੀ ਸਰਕਾਰ ਆਉਣ ’ਤੇ ਮੁੜ ਵਿਸ਼ਵ ਕਬੱਡੀ ਕੱਪ ਆਰੰਭ ਹੋਵੇਗਾ: ਸੁਖਬੀਰ

ਐੱਸਏਐੱਸ ਨਗਰ(ਮੁਹਾਲੀ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ਮਗਰੋਂ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕਰਾਇਆ ਜਾਵੇਗਾ। ਉਨ੍ਹਾਂ ਬੀਤੀ ਸ਼ਾਮ ਪਿੰਡ ਮਨਾਣਾ ਵਿਖੇ ਗਰਾਮ ਪੰਚਾਇਤ, ਪਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਵੱਲੋਂ ਕਰਾਏ ਕਬੱਡੀ ਕੱਪ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਜਾਣ ਮਗਰੋਂ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਂ ਖੇਡ ਕਬੱਡੀ ਵੱਲ ਮਤਰੇਈ ਮਾਂ ਵਾਲਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਬੱਡੀ ਖਿਡਾਰੀ ਅਤੇ ਦਰਸ਼ਕ ਵਿਸ਼ਵ ਕਬੱਡੀ ਕੱਪ ਨੂੰ ਉਡੀਕ ਰਹੇ ਹਨ ਅਤੇ ਇਸ ਨੂੰ ਸਰਕਾਰ ਦੀ ਸਥਾਪਨਾ ਮਗਰੋਂ ਜ਼ਰੂਰ ਸ਼ੁਰੂ ਕਰਾਇਆ ਜਾਵੇਗਾ। ਸ੍ਰੀ ਬਾਦਲ ਨੇ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਆਪਣੇ ਵੱਲੋਂ ਇੱਕ ਲੱਖ ਦੀ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮੁਹਾਲੀ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਸੰਬੋਧਨ ਕੀਤਾ। ਕਬੱਡੀ ਕੱਪ ਦੇ ਪ੍ਰਬੰਧਕਾਂ ਗੁਰਜੀਤ ਸਿੰਘ ਜੀਤੀ, ਮਨਪ੍ਰੀਤ ਸਿੰਘ ਸੋਨੂੰ, ਪਰਮਿੰਦਰ ਜੰਡਪੁਰ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ 32 ਟੀਮਾਂ ਨੇ ਹਿੱਸਾ ਲਿਆ। ਫਾਈਨਲ ਵਿੱਚ ਦਿਉਰਾ ਨੇ ਸੁਰਖਪੁਰ ਨੂੰ ਹਰਾਇਆ। ਇਸ ਦੌਰਾਨ ਬੈਸਟ ਰੇਡਰ ਦੀਪ ਦੁਬਰਜੀ ਅਤੇ ਬੈਸਟ ਜਾਫੀ ਸਿੱਲੂ ਬਾਹੂ ਅਕਰਬਰਪੁਰ ਹਰਿਆਣਾ ਨੂੰ ਐਲਾਨਿਆ ਗਿਆ। ਦੋਵਾਂ ਨੂੰ ਨਵੇਂ ਮਹਿੰਦਰਾ ਟਰੈਕਟਰ ਇਨਾਮ ਵਿੱਚ ਦਿੱਤੇ ਗਏ।