ਅਕਾਲੀ ਦਲ ਨੂੰ ਸੰਤ ਲੌਂਗੋਵਾਲ ਵਰਗੀ ਲੀਡਰਸ਼ਿਪ ਦੀ ਲੋੜ: ਚੰਦੂਮਾਜਰਾ

ਅਕਾਲੀ ਦਲ ਨੂੰ ਸੰਤ ਲੌਂਗੋਵਾਲ ਵਰਗੀ ਲੀਡਰਸ਼ਿਪ ਦੀ ਲੋੜ: ਚੰਦੂਮਾਜਰਾ

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ; ਧਾਰਮਿਕ ਸ਼ਖ਼ਸੀਅਤਾਂ ਨੇ ਵੀ ਦਿੱਤੀ ਸ਼ਰਧਾਂਜਲੀ
ਸੰਗਰੂਰ/ਲੌਂਗੋਵਾਲ – ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਸਾਹਿਬ ਕੈਂਬੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਤ ਲੌਂਗੋਵਾਲ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਲੀਡਰਸ਼ਿਪ ਸੰਤ ਲੌਂਗੋਵਾਲ ਵਰਗੀ ਬਣ ਜਾਵੇ ਤਾਂ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਗ੍ਰੰਥੀ ਮਾੜਾ ਹੋਵੇ ਤਾਂ ਗੁਰੂ ਘਰ ਨਹੀਂ ਢਾਹੁਣਾ ਚਾਹੀਦਾ। ਚੰਦੂਮਾਜਰਾ ਨੇ ਪਾਰਟੀ ਦੇ ਨਾਰਾਜ਼ ਆਗੂਆਂ ਨੂੰ ਨਾਲ ਲੈ ਕੇ ਚੱਲਣ ਦਾ ਸੁਝਾਅ ਦਿੱਤਾ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਰਕਾਰਾਂ ਪੰਥ ਦੀਆਂ ਤਿੰਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ, ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ’ਤੇ ਤੁਲੀਆਂ ਹੋਈਆਂ ਹਨ, ਜਿਨ੍ਹਾਂ ਨੂੰ ਤਕੜਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਹੋਣ ਦੇ ਬਾਵਜੂਦ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵੀ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਸਮਝੀ ਗਈ। ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਤੇ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅਕਾਲੀ ਦਲ ਲੋਕਾਂ ’ਚ ਅੱਜ ਵੀ ਮਜ਼ਬੂਤ ਹੈ ਪਰ ਲੋਕਾਂ ਦੇ ਪ੍ਰਵਾਨਿਤ ਚਿਹਰੇ ਅੱਗੇ ਲਿਆਉਣ ਦੀ ਲੋੜ ਹੈ। ਇਸ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਗੌਹਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਸਮੇਤ ਹੋਰ ਆਗੂਆਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ।

ਅਮਨ ਅਰੋੜਾ ਨੇ ਖ਼ੂਨਦਾਨ ਕਰਕੇ ਦਿੱਤੀ ਸ਼ਰਧਾਂਜਲੀ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਨਾਜ ਮੰਡੀ ਲੌਂਗੋਵਾਲ ਵਿੱਚ ਲਗਾਏ ਕੈਂਪ ਦੌਰਾਨ ਖੁਦ ਖੂਨਦਾਨ ਕਰਕੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਕੈਂਬੋਵਾਲ ਵਿਖੇ ਨਤਮਸਤਕ ਹੋਏ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਸੰਤਾਂ ਦੀ ਬਰਸੀ ਮੌਕੇ ਨਿਵੇਕਲਾ ਉਪਰਾਲਾ ਕਰਦਿਆਂ ਸਿਆਸੀ ਦੂਸ਼ਣਬਾਜ਼ੀਆਂ ਅਤੇ ਫੋਕੀਆਂ ਸ਼ੋਹਰਤਾਂ ਤੋਂ ਦੂਰ ਰਹਿ ਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਕੈਂਪ ਦੌਰਾਨ ਸਲਾਇਟ ਲੌਂਗੋਵਾਲ, ਨਿਰੰਕਾਰੀ ਮਿਸ਼ਨ, ਜੀਵਨ ਆਸ਼ਾ ਵੈੱਲਫੇਅਰ ਕਲੱਬ ਅਤੇ ਯੰਗ ਵੈਲਫੇਅਰ ਕਲੱਬ ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਨੇ ਵੀ ਸਹਿਯੋਗ ਦਿੱਤਾ। ਵਣ ਮੰਡਲ ਸੰਗਰੂਰ ਨੇ ਵਿਸ਼ੇਸ਼ ਸਟਾਲ ਲਗਾ ਕੇ ਸਾਰਿਆਂ ਨੂੰ ਮੁਫ਼ਤ ਬੂਟੇ ਵੰਡੇ ਗਏ।