ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ ਭਾਜਪਾ: ਅਸ਼ਵਨੀ ਸ਼ਰਮਾ

ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ ਭਾਜਪਾ: ਅਸ਼ਵਨੀ ਸ਼ਰਮਾ

ਗਜੇਂਦਰ ਸ਼ੇਖਾਵਤ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ
ਆਦਮਪੁਰ ਦੋਆਬਾ (ਜਲੰਧਰ)- ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ ਕਿਉਂਕਿ ਭਾਜਪਾ ਕਈ ਵਾਰ ਅਕਾਲੀ ਦਲ ਦੇ ਧੋਖੇ ਦਾ ਸ਼ਿਕਾਰ ਹੋ ਚੁੱਕੀ ਹੈ। ਉਹ ਅੱਜ ਇੱਥੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਬਸਪਾ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਾਅਵਾ ਕੀਤਾ ਕਿ ਜਲੰਧਰ ਦੀ ਜ਼ਿਮਣੀ ਚੋਣ ਭਾਜਪਾ ਜਿੱਤੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਪਰਿਵਾਰ ’ਚ ਲਗਾਤਾਰ ਹੋ ਰਹੇ ਵਾਧੇ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬੀ ਭਾਜਪਾ ਦੀ ਸੋਚ ਨੂੰ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਭਾਜਪਾ ਦੀ ਸੋਚ ਸਮਝ ਗਏ ਹਨ ਕਿ ਦੇਸ਼ ਦਾ ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਸਿਆਸੀ ਪਾਰਟੀਆਂ ਦੇ ਆਗੂ ਹੁਣ ਲਗਾਤਾਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ, ਜਿਸ ਤੋਂ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਵੇਗੀ। ਇਸ ਮੌਕੇ ਕਾਂਗਰਸ ਦੇ ਸਾਬਕਾ ਕੌਂਸਲਰ ਵਿਪਨ ਕੁਮਾਰ, ਮੇਜਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੇਠ ਸੱਤਪਾਲ ਮੱਲ, ‘ਆਪ’ ਦੇ ਡਾ. ਸ਼ਿਵ ਦਿਆਲ ਮਾਲੀ, ਬਸਪਾ ਦੇ ਅਨਿਲ ਮਿਨਿਆ, ਮਨੋਜ ਅਗਰਵਾਲ, ਮਾਡਲ ਟਾਊਨ ਮਾਰਕਿਟ ਕਮੇਟੀ ਦੇ ਪ੍ਰਧਾਨ ਰਾਜੀਵ ਦੁੱਗਲ ਅਤੇ ਹੋਰ ਭਾਜਪਾ ਵਿਚ ਸ਼ਾਮਲ ਹੋਏ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਭਾਜਪਾ ਵਿੱਚ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ।