ਅਕਾਲੀ ਦਲ ਦੇ ਸਥਾਪਨਾ ਦਿਵਸ ਸਬੰਧੀ ਅਖੰਡ ਪਾਠ ਆਰੰਭ

ਅਕਾਲੀ ਦਲ ਦੇ ਸਥਾਪਨਾ ਦਿਵਸ ਸਬੰਧੀ ਅਖੰਡ ਪਾਠ ਆਰੰਭ

ਸੁਖਬੀਰ ਤੇ ਹਰਸਿਮਰਤ ਬਾਦਲ ਨੇ ਹਰਿਮੰਦਰ ਸਾਹਿਬ ’ਚ ਸੇਵਾ ਨਿਭਾਈ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਨੂੰ ਪੰਥਕ ਮਰਿਆਦਾ ਅਨੁਸਾਰ ਮਨਾਉਣ ਲਈ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਹੋਰ ਆਗੂਆਂ ਨੇ ਗੁਰੂਘਰ ਵਿੱਚ ਸੇਵਾ ਵੀ ਕੀਤੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਸਥਾਪਨਾ ਦਿਵਸ 14 ਦਸੰਬਰ ਨੂੰ ਹੈ ਤੇ ਇਸੇ ਦਿਨ ਅਖੰਡ ਪਾਠ ਦਾ ਭੋਗ ਪਵੇਗਾ। ਇਸ ਸਬੰਧੀ ਅੱਜ ਸਵੇਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਡਾ. ਦਲਜੀਤ ਸਿੰਘ ਚੀਮਾ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਹੋਰ ਆਗੂਆਂ ਨੇ ਅਖੰਡ ਪਾਠ ਦੀ ਆਰੰਭਤਾ ਮਗਰੋਂ ਸੰਗਤ ਦੇ ਜੋੜੇ ਸਾਫ ਕਰਨ ਅਤੇ ਲੰਗਰ ਘਰ ਵਿੱਚ ਭਾਂਡੇ ਮਾਂਜਣ ਦੀ ਸੇਵਾ ਨਿਭਾਈ। ਪਾਰਟੀ ਆਗੂਆਂ ਨੇ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸਫਾਈ ਵੀ ਕੀਤੀ ਤੇ ਸ਼ਾਮ ਨੂੰ ਕੀਰਤਨ ਸਰਵਣ ਕੀਤਾ ਤੇ ਪਾਠ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪਾਰਟੀ ਨਾਲ ਸਬੰਧਤ ਮੈਂਬਰ ਵੀ ਅਗਲੇ ਦੋ ਦਿਨਾਂ ਤੱਕ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਸਪਰਪਿਤ ਗੁਰੂਘਰ ਵਿੱਚ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਿਛਲੇ 103 ਸਾਲਾਂ ਵਿੱਚ ਡੱਟ ਕੇ ਆਪਣਾ ਫਰਜ਼ ਨਿਭਾਇਆ ਹੈ ਤੇ ਭਵਿੱਖ ਵਿੱਚ ਵੀ ਨਿਭਾਉਂਦੀ ਰਹੇਗੀ।
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਰਟੀ ਦਾ ਸਥਾਪਨਾ ਦਿਵਸ ਗੁਰੂਘਰ ਵਿੱਚ ਨਤਮਸਤਕ ਹੋ ਕੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੀਤੇ ਸਮਿਆਂ ਵਿੱਚ ਹੋਈਆਂ ਭੁੱਲਾਂ ਦੀ ਖਿਮਾ, ਪੰਥ, ਪਾਰਟੀ, ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਹਰ ਸਾਲ ਪਾਰਟੀ ਗੁਰੂਘਰ ਵਿੱਚ ਅਰਦਾਸ ਕਰਕੇ ਹੀ ਸਥਾਪਨਾ ਦਿਵਸ ਮਨਾਉਂਦੀ ਹੈ। ਉਨ੍ਹਾਂ ਕਿਹਾ ਕਿ ਸ਼?ਰੋਮਣੀ ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆ ਦੇ ਹਿੱਤਾਂ ਲਈ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ।