ਅਕਾਲੀ ਆਗੂ ਦੇ ਟਿਕਾਣਿਆਂ ’ਤੇ ਆਮਦਨ ਕਰ ਦੇ ਛਾਪੇ

ਅਕਾਲੀ ਆਗੂ ਦੇ ਟਿਕਾਣਿਆਂ ’ਤੇ ਆਮਦਨ ਕਰ ਦੇ ਛਾਪੇ

ਲੁਧਿਆਣਾ- ਸਨਅਤੀ ਸ਼ਹਿਰ ’ਚ ਆਮਦਨ ਕਰ ਵਿਭਾਗ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਦੇ ਘਰ ਤੇ ਹੋਰਨਾਂ ਥਾਵਾਂ ’ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੀ ਟੀਮਾਂ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ। ਵਿਭਾਗ ਦੀ ਟੀਮ ਨੇ ਸਭ ਤੋਂ ਪਹਿਲਾਂ ਨਿਊ ਮਾਡਲ ਟਾਊਨ ਸਥਿਤ ਉਨ੍ਹਾਂ ਦੇ ਘਰ ’ਚ ਛਾਪਾ ਮਾਰਿਆ। ਇਸ ਦੌਰਾਨ 15 ਤੋਂ 20 ਮੈਂਬਰਾਂ ਦੀ ਟੀਮ ਪੁੱਜੀ, ਟੀਮ ਨੇ ਘਰ ਦੇ ਬਾਹਰ ਸੀਆਰਪੀਐਫ਼ ਦੇ ਮੁਲਾਜ਼ਮ ਤਾਇਨਾਤ ਕਰ ਕੇ ਅੰਦਰ ਪੜਤਾਲ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਵਿਪਨ ਸੂਦ ਕਾਕਾ ਨੇ ਪਿਛਲੇ ਸਮੇਂ ਦੌਰਾਨ ਇੱਕ ਪ੍ਰਾਪਰਟੀ ਦੀ ਵੱਡੀ ਡੀਲ ਕੀਤੀ ਸੀ, ਜਿਸ ਤੋਂ ਬਾਅਦ ਆਮਦਨ ਕਰ ਵਿਭਾਗ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਵਿਪਨ ਸੂਦ ਕਾਕਾ ਦੇ ਘਰੋਂ ਆਮਦਨ ਕਰ ਵਿਭਾਗ ਦੀ ਟੀਮ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਦਸਤਾਵੇਜ਼ਾਂ ਤੋਂ ਇਲਾਵਾ ਟੀਮ ਨੇ ਮੋਬਾਈਲ ਫੋਨ, ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕਸ ਯੰਤਰ ਵੀ ਜ਼ਬਤ ਕੀਤੇ ਹਨ। ਸੂਤਰਾਂ ਮੁਤਾਬਕ ਟੀਮ ਦੇ ਮੈਂਬਰਾਂ ਨੇ ਕਾਕਾ ਸੂਦ ਤੇ ਉਸ ਦੇ ਕੁੱਝ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ। ਆਮਦਨ ਕਰ ਵਿਭਾਗ ਦੀ ਟੀਮ ਨੂੰ ਕਾਕਾ ਸੂਦ ’ਤੇ ਆਮਦਨ ਤੋਂ ਵੱਧ ਜ਼ਿਆਦਾ ਜਾਇਦਾਦ ਦਾ ਸ਼ੱਕ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਘਰ ਵੀ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਸੀ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਪਨ ਸੂਦ ਨੂੰ ਲੁਧਿਆਣਾ ਤੋਂ 2024 ਲਈ ਪਾਰਟੀ ਦਾ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਸੀ।